ਸਟੇਟ ਬਿਊਰੋ, ਸ੍ਰੀਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ 'ਤੇ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ 'ਚ ਹਿੱਸਾ ਲੈਣ ਲਈ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਅਤੇ ਸੂਬਾਈ ਭਾਜਪਾ ਦੇ ਤਿੰਨੇ ਨੇਤਾ ਬੁੱਧਵਾਰ ਨੂੰ ਦਿੱਲੀ ਪਹੁੰਚ ਗਏ। ਨੈਸ਼ਨਲ ਕਾਨਫਰੰਸ (ਨੇਕਾਂ) ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਵੀਰਵਾਰ ਨੂੰ ਕੌਮੀ ਰਾਜਧਾਨੀ ਪੁੱਜਣਗੇ। ਪੈਂਥਰਸ ਪਾਰਟੀ ਦੇ ਪ੍ਰਧਾਨ ਪ੍ਰਰੋ. ਭੀਮ ਸਿੰਘ, ਜੰਮੂ-ਕਸ਼ਮੀਰ ਆਪਣੀ ਆਪਣੀ ਦੇ ਚੇਅਰਮੈਨ ਸੈਯਦ ਅਲਤਾਫ ਬੁਖਾਰੀ ਅਤੇ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸੱਜਾਦ ਗਨੀ ਲੋਨ, ਮੁਜ਼ਫਰ ਹੁਸੈਨ ਬੇਗ ਪਹਿਲਾਂ ਹੀ ਦਿੱਲੀ ਪਹੁੰਚ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨਾਲ ਵੀਰਵਾਰ ਨੂੰ (24 ਜੂਨ) ਨੂੰ ਗੱਲਬਾਤ ਹੋਣੀ ਹੈ।

ਅਹਿਮ ਮੰਨੀ ਜਾ ਰਹੀ ਹੈ ਬੈਠਕ

ਜ਼ਿਕਰਯੋਗ ਹੈ ਕਿ ਪੰਜ ਅਗਸਤ 2019 ਨੂੰ ਜੰਮੂ-ਕਸ਼ਮੀਰ ਪੁਨਰਗਠਨ ਐਕਟ ਲਾਗੂ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਨੀਤਿਕ ਪ੍ਰਕਿਰਿਆ ਅੱਗੇ ਵਧਾਉਣ ਲਈ ਪਹਿਲੀ ਵਾਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੇ 14 ਨੇਤਾਵਾਂ ਦੀ ਬੈਠਕ ਬੁਲਾਈ ਹੈ। ਬੈਠਕ 'ਚ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ। ਇਸ 'ਚ ਹਿੱਸਾ ਲੈਣ ਲਈ ਮਹਿਬੂਬਾ ਬੁੱਧਵਾਰ ਦੁਪਹਿਰ ਨੂੰ ਦਿੱਲੀ ਲਈ ਰਵਾਨਾ ਹੋਈ।

ਪੀਡੀਪੀ ਅਤੇ ਗੁਪਕਾਰ ਦੇ ਏਜੰਡੇ 'ਤੇ ਗੱਲ ਕਰਨਗੇ ਮਹਿਬੂਬਾ

ਪੀਡੀਪੀ ਦੇ ਸੀਨੀਅਰ ਨੇਤਾ ਸੈਯਦ ਤਾਹਿਰ ਨੇ ਕਿਹਾ ਕਿ ਮਹਿਬੂਬਾ ਬੈਠਕ 'ਚ ਪੰਜ ਅਗਸਤ 2019 ਤੋਂ ਪਹਿਲਾਂ ਦੀ ਸੰਵਿਧਾਨਿਕ ਸਥਿਤੀ ਦੀ ਬਹਾਲੀ, ਰਾਜਨੀਤਿਕ ਕੈਦੀਆਂ ਦੀ ਰਿਹਾਈ ਮੁੱਦਾ ਉਠਾਉਣਗੇ। ਜੰਮੂ-ਕਸ਼ਮੀਰ 'ਚ ਜੇ ਸਥਾਈ ਸ਼ਾਂਤੀ ਬਹਾਲੀ ਕਰਨੀ ਹੈ ਤਾਂ ਸਬੰਧਤ ਸਾਰੀਆਂ ਧਿਰਾਂ ਨਾਲ ਗੱਲਬਾਤ ਜ਼ਰੂਰੀ ਹੈ ਅਤੇ ਇਹੀ ਗੱਲ ਉਹ ਬੈਠਕ 'ਚ ਕਰੇਗੀ। ਉਹ ਪੀਡੀਪੀ ਤੇ ਪੀਪੀਲਜ਼ ਅਲਾਇੰਸ ਫਾਰ ਗੁਪਕਾਰ ਡਿਕਲੇਰੇਸ਼ਨ (ਪੀਏਜੀਡੀ) ਦੇ ਏਜੰਡੇ 'ਤੇ ਗੱਲ ਕਰੇਗੀ।

ਫਾਰੂਕ ਅਬਦੁੱਲਾ ਨੇ ਫਿਰ ਕੀਤੀ ਬੈਠਕ

ਡਾ. ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ। ਬੈਠਕ 'ਚ ਜੰਮੂ ਡਵੀਜ਼ਨ ਦੇ ਨੇਤਾ ਵੀ ਸ਼ਾਮਲ ਹੋਏ। ਸਾਬਕਾ ਐÎਮਐੱਲਸੀ ਅਤੇ ਜੰਮੂ ਡਵੀਜ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਡਾ. ਅਬਦੁੱਲਾ ਬੈਠਕ 'ਚ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਨਗੇ। ਉਹ ਇਸ ਇਲਾਕੇ ਦੇ ਸਭ ਤੋਂ ਕੱਦਾਵਰ ੇਨੇਤਾ ਹਨ ਅਤੇ ਵਿਧਾਨ ਸਭਾ ਚੋਣਾਂ ਕਰਾਏ ਜਾਣ 'ਤੇ ਨੈਸ਼ਨਲ ਕਾਂਗਰਸ ਵੱਲੋਂ ਜ਼ੋਰ ਦਿੱਤਾ ਜਾਵੇਗਾ। ਦਵਿੰਦਰ ਰਾਣਾ ਨੇ ਕਿਹਾ ਕਿ ਬੈਠਕ ਦਾ ਏਜੰਡਾ ਤੈਅ ਨਹੀਂ ਹੈ, ਇਸ ਲਈ ਡਾ. ਅਬਦੁੱਲਾ ਮੌਕੇ 'ਤੇ ਕੋਈ ਵੀ ਫ਼ੈਸਲਾ ਲੈ ਸਕਦੇ ਹਨ। ਪਾਰਟੀ ਮੁੱਖ ਸਕੱਤਰ ਅਲੀ ਮੁਹੰਮਦ ਸਾਗਰ ਨੇ ਕਿਹਾ ਕਿ ਬੈਠਕ ਕਾਮਯਾਬ ਰਹੇਗੀ, ਸਾਨੂੰ ਉਮਦੀ ਹੈ ਜੋ ਸਾਡਾ ਸੀ, ਸਾਨੂੰ ਵਾਪਸ ਕੀਤਾ ਜਾਵੇਗਾ।

ਬੁਖਾਰੀ ਨੇ ਕਿਹਾ, ਉਮੀਦ ਹੈ ਵਾਅਦੇ ਪੂਰੇ ਕਰਨਗੇ ਮੋਦੀ

ਜੰਮੂ-ਕਸ਼ਮੀਰ ਆਪਣੀ ਪਾਰਟੀ ਦੇ ਚੇਅਰਮੈਨ ਸੈਯਦ ਅਲਤਾਫ ਬੁਖਾਰੀ ਨੇ ਕਿਹਾ ਕਿ ਹੁਣ ਵੀਰਵਾਰ ਦੀ ਉਡੀਕ ਕਰੋ। ਅਸੀਂ ਜੰਮੂ-ਕਸ਼ਮੀਰ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਹਿੱਤਾਂ ਦੀ ਸੰਭਾਲ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਪੂਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੰਮੂ-ਕਸ਼ਮੀਰ ਦੀ ਜਨਤਾ ਨਾਲ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਕਰਨਗੇ। ਉਧਰ, ਪੀਪਲਜ਼ ਕਾਨਫਰੰਸ ਦੇ ਬੁਲਾਰੇ ਅਦਨਾਨ ਅਸ਼ਰਫ ਨੇ ਕਿਹਾ ਕਿ ਇੱਥੇ ਲੋਕਤੰਤਰ ਮਜ਼ਬੂਤ ਹੋਵੇ, ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲੇ, ਇਹ ਸਾਡਾ ਮਕਸਦ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਜੀਏ ਮੀਰ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਨੂੰ ਮੁਕੰਮਲ ਸੂਬੇ ਦਾ ਦਰਜਾ ਦੇਣ 'ਤੇ ਜ਼ੋਰ ਦੇਵਾਂਗੇ।

Posted By: Sunil Thapa