ਜਾਗਰਣ ਬਿਊਰੋ, ਨਵੀਂ ਦਿੱਲੀ : ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ ਹੀ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੀ ਦਿਸ਼ਾ ਵੀ ਤੈਅ ਕਰਗੀ। ਡੇਢ ਮਹੀਨੇ ਤਕ ਚੱਲਣ ਵਾਲੀ ਇਹ ਯਾਤਰਾ ਸ਼ਾਂਤੀਪੂਰਨ ਰਹੀ ਤਾਂ ਕੇਂਦਰ ਸਰਕਾਰ ਚੋਣ ਕਮਿਸ਼ਨ ਨੂੰ ਸੂਬੇ ਵਿਚ ਚੋਣਾਂ ਕਰਵਾਉਣ ਦੀ ਸਿਫ਼ਾਰਸ਼ ਕਰ ਸਕਦੀ ਹੈ। ਜੇ ਅਜਿਹਾ ਹੋਇਆ ਤਾਂ ਝਾਰਖੰਡ ਦੇ ਨਾਲ ਹੀ ਨਵੰਬਰ ਮਹੀਨੇ 'ਚ ਉੱਥੇ ਵੀ ਮਤਦਾਨ ਕਰਵਾਇਆ ਜਾ ਸਕਦਾ ਹੈ।

ਜੰਮੂ-ਕਸ਼ਮੀਰ ਵਿਧਾਨ ਸਭਾ ਪਿਛਲੇ ਸਾਲ ਨਵੰਬਰ ਮਹੀਨੇ 'ਚ ਭੰਗ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਤੋਂ ਚੋਣਾਂ ਦੀ ਮੰਗ ਤਾਂ ਹੁੰਦੀ ਰਹੀ ਪਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦੇਖਦਿਆਂ ਇਸ ਨੂੰ ਸੰਭਵ ਨਹੀਂ ਮੰਨਿਆ ਗਿਆ। ਪਿਛਲੇ ਇਕ ਸਾਲ 'ਚ ਅੱਤਵਾਦੀਆਂ ਤੇ ਵੱਖਵਾਦੀਆਂ ਦਾ ਤੰਤਰ ਕਮਜ਼ੋਰ ਹੋਇਆ ਹੈ ਪਰ ਵਾਦੀ 'ਚ ਸ਼ਾਂਤੀ ਨਹੀਂ ਪਰਤੀ ਹੈ। ਇਕ ਸਾਲ ਵਿਚ 113 ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਨੂੰ ਫੰਡਿੰਗ ਕਰਨ ਵਾਲਿਆਂ ਦੀ ਜੇਬ 'ਤੇ ਵੀ ਤਾਲਾ ਲੱਗ ਚੁੱਕਾ ਹੈ ਪਰ ਲਗਪਗ ਰੋਜ਼ਾਨਾ ਅੱਤਵਾਦੀ ਘਟਨਾਵਾਂ ਵਾਪਰ ਰਹੀਆਂ ਹਨ। ਜੇ ਅੱਤਵਾਦੀ ਮਾਰੇ ਜਾ ਰਹੇ ਹਨ ਤਾਂ ਸੁਰੱਖਿਆ ਬਲਾਂ ਦੇ ਜਵਾਨ ਵੀ ਸ਼ਹੀਦ ਹੋ ਰਹੇ ਹਨ। ਸਪੱਸ਼ਟ ਹੈ ਕਿ ਅੱਤਵਾਦੀਆਂ ਦਾ ਲੱਕ ਪੂਰੀ ਤਰ੍ਹਾਂ ਨਹੀਂ ਟੁੱਟਿਆ। ਅਜਿਹੀ ਸੂਰਤ ਵਿਚ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ 'ਤੇ ਖ਼ਾਸ ਨਜ਼ਰ ਰਹੇਗੀ। ਜੇ ਇਹ ਪੂਰੀ ਤਰ੍ਹਾਂ ਸ਼ਾਂਤ ਰਹੀ ਤੇ ਕਿਸੇ ਤਰ੍ਹਾਂ ਦਾ ਅੱਤਵਾਦੀ ਹਮਲਾ ਨਾ ਹੋਇਆ ਤਾਂ ਚੋਣਾਂ ਦੀ ਕਵਾਇਦ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਇਹ ਅਟਕਲ ਲਾਈ ਜਾਂਦੀ ਰਹੀ ਹੈ ਕਿ ਭਾਜਪਾ ਮੁੜ ਹੱਦਬੰਦੀ ਤੋਂ ਲੈ ਕੇ 35ਏ ਤਕ ਕਿਸੇ ਕਵਾਇਦ ਤੋਂ ਬਾਅਦ ਚੋਣਾਂ ਚਾਹੁੰਦੀ ਹੈ। ਪਰ ਇਹ ਅਜਿਹੇ ਮੁੱਦੇ ਹਨ ਜਿਨ੍ਹਾਂ ਦੇ ਹੱਲ 'ਚ ਲੰਬਾ ਸਮਾਂ ਲੱਗ ਸਕਦਾ ਹੈ। ਲਿਹਾਜ਼ਾ ਅਮਰਨਾਥ ਯਾਤਰਾ ਦੀ ਸਫਲਤਾ ਤੋਂ ਬਾਅਦ ਹੀ ਵਿਧਾਨ ਸਭਾ ਚੋਣਾਂ ਦੀ ਸਿਫ਼ਾਰਸ਼ ਕੀਤੀ ਜਾ ਸਕਦੀ ਹੈ।