ਰਾਜ ਬਿਊਰੋ, ਸ੍ਰੀਨਗਰ : ਧਾਰਾ-370 ਸਮਾਪਤੀ ਦੀ ਪਹਿਲੀ ਵਰ੍ਹੇਗੰਢ 'ਤੇ ਪੰਜ ਅਗਸਤ ਬੁੱਧਵਾਰ ਨੂੰ ਅੱਤਵਾਦੀਆਂ ਵੱਲੋਂ ਹਿੰਸਾ ਭੜਕਾਉਣ ਦੇ ਸ਼ੱਕ ਨੂੰ ਦੇਖਦੇ ਹੋਏ ਪ੍ਰਦੇਸ਼ ਪ੍ਰਸ਼ਾਸਨ ਨੇ ਦੇਰ ਰਾਤ ਸ੍ਰੀਨਗਰ 'ਚ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਇਹ ਕਰਫਿਊ ਕੱਲ੍ਹ ਰਾਤ ਤਕ ਜਾਰੀ ਰਹੇਗਾ। ਕਸ਼ਮੀਰ 'ਚ ਕਈ ਸੰਗਠਨਾਂ ਨੇ ਪੰਜ ਅਗਸਤ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪੰਜ ਅਗਸਤ 2019 ਨੂੰ ਜੰਮੂ-ਕਸ਼ਮੀਰ ਪੁਨਰਗਠਨ ਐਕਟ ਲਾਗੂ ਕੀਤਾ ਸੀ। ਇਸ ਦੇ ਨਾਲ ਧਾਰਾ 370 ਤੇ 35ਏ ਸਮਾਪਤ ਹੋਏ ਤੇ ਜੰਮੂ ਕਸ਼ਮੀਰ ਸੂਬੇ ਦੇ ਦੋ ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਤੇ ਲੱਦਾਖ ਦੇ ਰੂਪ 'ਚ ਪੁਨਰਗਠਨ ਹੋਇਆ।

ਐੱਸਐੱਸਪੀ ਸ੍ਰੀਨਗਰ ਤੋਂ ਮਿਲੀ ਸੂਚਨਾ 'ਚ ਦੱਸਿਆ ਗਿਆ ਹੈ ਕਿ ਅੱਤਵਾਦੀ ਸੰਗਠਨ ਪੰਜ ਅਗਸਤ ਨੂੰ ਕਸ਼ਮੀਰ 'ਚ ਕਾਲਾ ਦਿਵਸ ਮਨਾਉਣ ਜਾ ਰਿਹਾ ਹੈ। ਦੂਜੇ ਪਾਸੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਨਾਲ ਹਿੰਸਾ ਭੜਕਾ ਕੇ ਕਾਨੂੰਨ ਵਿਵਸਥਾ 'ਚ ਸੰਕਟ ਪੈਦਾ ਕਰ ਸਕਦੇ ਹਨ। ਜ਼ਿਲ੍ਹਾ ਮਜਿਸਟ੍ਰੇਟ ਮੁਤਾਬਕ ਸ੍ਰੀਨਗਰ 'ਚ ਪਹਿਲਾਂ ਤੋਂ ਕੋਵਿਡ-19 ਦੇ ਮੱਦੇਨਜ਼ਰ ਲੋਕਾਂ ਦੀ ਆਵਾਜਾਈ ਤੇ ਇਕ ਜਗ੍ਹਾ 'ਤੇ ਉਨ੍ਹਾਂ ਦੇ ਜਮ੍ਹਾ ਹੋਣ 'ਤੇ ਰੋਕ ਹੈ।

24 ਘੰਟੇ ਪਹਿਲਾਂ ਹੀ ਤਿਆਰੀਆਂ ਸ਼ੁਰੂ

ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ੍ਰੀਨਗਰ 'ਚ ਅਗਲੇ ਦੋ ਦਿਨ ਦੇ ਕਰਫਿਊ 'ਤੇ ਕਿਹਾ ਕਿ ਸਾਲ 2019 ਦੀ ਤੁਲਨਾ 'ਚ ਇਸ ਸਾਲ 24 ਘੰਟੇ ਪਹਿਲਾਂ ਹੀ ਸ੍ਰੀਨਗਰ 'ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

Posted By: Ravneet Kaur