ਨਵੀਂ ਦਿੱਲੀ (ਆਈਏਐੱਨਐੱਸ) : ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਏ ਜਾਣ ਦੇ ਪੰਜ ਅਗਸਤ ਨੂੰ ਇਕ ਸਾਲ ਪੂਰਾ ਹੋਣ ਅਤੇ ਭਾਰਤ ਦੇ ਆਜ਼ਾਦੀ ਦਿਹਾੜੇ (15 ਅਗਸਤ) ਮੌਕੇ ਹਮਲਿਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨੀ ਫ਼ੌਜ ਨੇ 20 ਅੱਤਵਾਦੀਆਂ ਨੂੰ ਖ਼ਾਸ ਸਿਖਲਾਈ ਦਿੱਤੀ ਹੈ। ਪਾਕਿਸਤਾਨੀ ਫ਼ੌਜ ਦੇ ਸਪੈਸ਼ਲ ਸਰਵਿਸ ਗੁਰੱਪ (ਐੱਸਐੱਸਜੀ) ਨੇ ਇਨ੍ਹਾਂ ਹਮਲਿਆਂ ਨੂੰ ਅੰਜਾਮ ਦੇਣ ਲਈ ਲਸ਼ਕਰ-ਏ-ਤਾਇਬਾ ਤੇ ਜੈਸ਼-ਏ-ਮੁਹੰਮਦ ਦੇ 20 ਅੱਤਵਾਦੀਆਂ ਦੇ ਜਥੇ ਨੂੰ ਅਫ਼ਗਾਨਿਸਤਾਨ ਦੀਆਂ ਪਹਾੜੀਆਂ 'ਚ ਖਾਸ ਤੌਰ 'ਤੇ ਸਿਖਲਾਈ ਦਿੱਤੀ ਹੈ। ਐੱਸਐੱਸਜੀ ਪਾਕਿਸਤਾਨੀ ਦੀ ਉਹ ਇਕਾਈ ਹੈ ਜੋ ਗ਼ੈਰ-ਰਵਾਇਤੀ ਜੰਗ ਲੜਨ ਲਈ ਤਿਆਰ ਕੀਤੀ ਗਈ ਹੈ। ਸਰਹੱਦ ਪਾਰ ਅੱਤਵਾਦ ਫੈਲਾਉਣ ਤੇ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਦੀ ਜ਼ਿੰਮੇਵਾਰੀ ਇਸੇ ਇਕਾਈ ਕੋਲ ਹੈ।

ਖ਼ੁਫੀਆ ਸੂਤਰਾਂ ਮੁਤਾਬਕ ਹੁਣ ਇਨ੍ਹਾਂ ਅੱਤਵਾਦੀਆਂ ਨੂੰ ਭਾਰਤ 'ਚ ਦਾਖਲ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਪੰਜਾਬ ਤੇ ਜੰਮੂ ਨਾਲ ਲੱਗਣ ਵਾਲੀ ਸਰਹੱਦ 'ਤੇ ਪਾਕਿਸਤਾਨ 'ਚ ਬਣੇ ਲਾਂਚਿੰਗ ਪੈਡ ਤੋਂ ਇਨ੍ਹਾਂ ਅੱਤਵਾਦੀਆਂ ਨੂੰ ਭਾਰਤ 'ਚ ਘੁਸਪੈਠ ਕਰਵਾਉਣ ਦੀ ਤਿਆਰੀ ਹੈ। ਇਸੇ ਸਿਲਸਿਲੇ 'ਚ ਕਸ਼ਮੀਰ ਦੇ ਤਿਨ ਨੌਜਵਾਨਾਂ ਦਾ ਅੱਤਵਾਦੀਆਂ ਦਾ ਗਰੁੱਪ ਬੀਐੱਸਐੱਫ ਕੈਂਪ 'ਤੇ ਹਮਲੇ ਦੀ ਕੋਸ਼ਿਸ਼ 'ਚ ਹੈ। ਖੁਫ਼ੀਆ ਏਜੰਸੀਆਂ ਨੇ ਸੁਰੱਖਿਆ ਬਲਾਂ ਨੂੰ ਇਸ ਸਾਜ਼ਿਸ਼ ਬਾਰੇ ਅਲਰਟ ਕਰ ਦਿੱਤਾ ਹੈ। ਹਿਜ਼ਬੁਲ ਮੁਜਾਹਿਦੀਨ ਦੇ ਸਰਗਨਾ ਦਾ ਆਡੀਓ ਵੀ ਸੁਣਨ 'ਚ ਆਇਆ ਹੈ ਜਿਸ 'ਚ ਉਹ ਕਸ਼ਮੀਰ ਦੇ ਲੋਕਾਂ ਨੂੰ ਹਥਿਆਰ ਚੁੱਕਣ ਤੇ ਸੁਰੱਖਿਆ ਬਲਾਂ ਨਾਲ ਲੜਨ ਦੀ ਅਪੀਲ ਕਰ ਰਿਹਾ ਹੈ।

ਭਾਰਤ ਵੱਲੋਂ ਫ਼ੌਜੀ ਕਾਰਵਾਈ ਦਾ ਖ਼ਤਰਾ ਪੈਦਾ ਹੋਣ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਜੈਸ਼-ਏ-ਮੁਹੰਮਦ ਦਾ ਨਵਾਂ ਟਿਕਾਣਾ ਅਫ਼ਗਾਨਿਸਤਾਨ 'ਚ ਬਣਾਇਆ ਹੈ। ਉੱਥੇ ਅੱਤਵਾਦੀਆਂ ਦੇ ਸਿਖਲਾਈ ਕੈਂਪ ਤੇ ਰਿਹਾਇਸ਼ ਬਣਾਈ ਗਈ ਹੈ। ਪਿਛਲੇ ਦਿਨੀਂ ਖੋਗਯਾਨੀ ਜ਼ਿਲ੍ਹੇ ਦੇ ਮਿਰਜ਼ਾ ਖੇਲ 'ਚ ਅਫ਼ਗਾਨ ਸੁਰੱਖਿਆ ਬਲਾਂ ਨੇ ਜੈਸ਼ ਦੇ 31 ਅੱਤਵਾਦੀ ਮਾਰੇ ਸਨ, ਜਿਨ੍ਹਾਂ 'ਚੋਂ 13 ਪਾਕਿਸਤਾਨੀ ਸਨ।