ਜੇਐੱਨਐੱਨ, ਨਿਊਯਾਰਕ : ਦੈਨਿਕ ਜਾਗਰਣ ਦੀ ਸਮਾਚਾਰ ਵੈੱਬਸਾਈਟ, ਜਾਗਰਣ ਡਾਟ ਕਾਮ ਲੱਖਾਂ ਪਾਠਕਾਂ ਦੀ ਸਭ ਤੋਂ ਪਸੰਦੀਦਾ ਅਤੇ ਭਰੋਸੇਯੋਗ ਵੈੱਬਸਾਈਟ ਬਣੀ ਹੋਈ ਹੈ। ਪਾਠਕਾਂ ਦੇ ਭਰੋਸੇ ਨੂੰ ਅੰਤਰਰਾਸ਼ਟਰੀ ਮੰਚ 'ਤੇ ਸਨਮਾਨ ਮਿਲਿਆ ਹੈ। ਜਾਗਰਣ ਡਾਟ ਕਾਮ ਦੀ ਮੁਹਿੰਮ 'ਮਾਏ ਸਿਟੀ, ਮਾਏ ਪ੍ਰਰਾਈਡ' ਨੂੰ ਅੰਤਰਰਾਸ਼ਟਰੀ ਨਿਊਜ਼ ਮੀਡੀਆ ਐਸੋਸੀਏਸ਼ਨ (ਆਈਐੱਨਐੱਮਏ) ਦੇ ਗਲੋਬਲ ਮੀਡੀਆ ਐਵਾਰਡਜ਼ ਵਿਚ ਪਹਿਲਾ ਪੁਰਸਕਾਰ ਪ੍ਰਾਪਤ ਹੋਇਆ ਹੈ। ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬ੍ਰਾਂਡ ਵਿਚਾਲੇ ਡਿਜੀਟਲ ਖੇਤਰ ਵਿਚ ਪਾਠਕ ਗਿਣਤੀ ਵਧਾਉਣ ਵਾਲੇ ਸਰਬੋਤਮ ਆਈਡੀਆ ਦੀ ਸ਼੍ਰੇਣੀ ਵਿਚ ਜਾਗਰਣ ਡਾਟ ਕਾਮ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ ਹੈ।

'ਮਾਏ ਸਿਟੀ, ਮਾਏ ਪ੍ਰਰਾਈਡ' ਮੁਹਿੰਮ ਤਹਿਤ ਪਾਠਕਾਂ ਨੇ ਦੇਸ਼ ਦੇ 10 ਸ਼ਹਿਰਾਂ ਵਿਚ ਬੁਨਿਆਦੀ ਢਾਂਚਾ, ਸੁਰੱਖਿਆ, ਸਿੱਖਿਆ, ਸਿਹਤ ਸਹੂਲਤਾਂ ਅਤੇ ਅਰਥਚਾਰੇ 'ਤੇ ਆਪਣੀ ਰੇਟਿੰਗ ਦਿੱਤੀ ਸੀ ਜਿਸ ਦਾ ਨਤੀਜਾ ਸ਼ਹਿਰ ਵਿਚ ਰਹਿਣ ਦੀ ਥਾਂ ਦੇ ਸਰਵੇਖਣ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ। ਇਸ ਨਤੀਜੇ ਦੇ ਆਧਾਰ 'ਤੇ ਸ਼ਹਿਰ ਦੇ ਨਾਗਰਿਕਾਂ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਗੱਲਬਾਤ ਅਤੇ ਬੈਠਕਾਂ ਨਾਲ ਵਿਕਾਸ ਦਾ ਇਕ ਢਾਂਚਾ ਤਿਆਰ ਕੀਤਾ ਗਿਆ।

ਜੁਲਾਈ ਤੋਂ ਸਤੰਬਰ, 2018 ਤਕ ਚੱਲੀ ਇਸ ਮੁਹਿੰਮ ਵਿਚ 18 ਹਜ਼ਾਰ ਤੋਂ ਜ਼ਿਆਦਾ ਪਾਠਕਾਂ ਨੇ ਰਜਿਸਟ੍ਰੇਸ਼ਨ ਕਰ ਕੇ ਸਰਗਰਮ ਸਹਿਯੋਗ ਦਿੱਤਾ ਸੀ। ਇਸ ਤੋਂ ਇਲਾਵਾ 10 ਸ਼ਹਿਰਾਂ ਵਿਚ 90 ਰਾਊਂਡ ਟੇਬਲ ਕਾਨਫਰੰਸ ਅਤੇ 10 ਲੋਕ ਮੰਚਾਂ ਦੇ ਮਾਧਿਅਮ ਨਾਲ ਸਮਾਜਿਕ ਜਾਗਰੂਕਤਾ ਅਤੇ ਜਵਾਬਦੇਹੀ ਤੈਅ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਾਊਂਡ ਟੇਬਲ ਕਾਨਫਰੰਸ ਅਤੇ ਲੋਕ ਮੰਚਾਂ ਵਿਚ ਸਰਕਾਰੀ ਅਧਿਕਾਰੀਆਂ, ਸਥਾਨਕ ਪ੍ਰਸ਼ਾਸਨ ਤੇ ਵੱਕਾਰੀ ਨਾਗਰਿਕ ਮੌਜੂਦ ਰਹੇ ਸਨ।

ਅੰਤਰਰਾਸ਼ਟਰੀ ਨਿਊਜ਼ ਮੀਡੀਆ ਐਸੋਸੀਏਸ਼ਨ ਦੇ ਇਨ੍ਹਾਂ ਪੁਰਸਕਾਰਾਂ ਲਈ ਦੁਨੀਆ ਦੇ 34 ਦੇਸ਼ਾਂ ਦੀਆਂ 165 ਮੀਡੀਆ ਕੰਪਨੀਆਂ ਨੇ ਕੁੱਲ 664 ਐਂਟਰੀਆਂ ਭੇਜੀਆਂ ਸਨ। ਇਨ੍ਹਾਂ ਨੂੰ 15 ਦੇਸ਼ਾਂ ਦੇ 46 ਜਿਊਰੀ ਮੈਂਬਰਾਂ ਵੱਲੋਂ ਪਰਖਿਆ ਗਿਆ। ਅੰਤਰਰਾਸ਼ਟਰੀ ਨਿਊਜ਼ ਮੀਡੀਆ ਐਸੋਸੀਏਸ਼ਨ ਸਾਲ 1935 ਤੋਂ ਮੀਡੀਆ ਇੰਡਸਟਰੀ ਵਿਚ ਬਿਹਤਰੀਨ ਕੰਮ ਨੂੰ ਸਨਮਾਨਿਤ ਕਰਨ ਦਾ ਕੰਮ ਕਰ ਰਹੀ ਹੈ।