ਪੱਤਰ-ਪੇ੍ਰਕ, ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਵੀਰਵਾਰ ਸ਼ਾਮ ਦਰਜ ਕੀਤੀ ਐੱਫਆਈਆਰ ਤੋਂ ਬਾਅਦ ਜਾਗੋ ਪਾਰਟੀ ਹਮਲਾਵਰ ਹੋ ਗਈ ਹੈ। ਸ਼ੁੱਕਰਵਾਰ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਰਸਾ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।

ਜੀਕੇ ਨੇ ਕਿਹਾ ਕਿ ਉਨ੍ਹਾਂ 'ਤੇ ਜਦੋਂ ਇਲਜ਼ਾਮ ਲੱਗੇ ਸਨ ਤਾਂ ਉਨ੍ਹਾਂ ਤੁਰੰਤ ਅਸਤੀਫਾ ਦਿੱਤਾ ਸੀ। ਪਰ 2 ਸਾਲ ਬੀਤਣ ਦੇ ਬਾਵਜੂਦ ਉਨ੍ਹਾਂ ਖਿਲਾਫ ਇਕ ਵੀ ਦੋਸ਼ ਸਾਬਤ ਨਹੀਂ ਹੋਇਆ। ਇਸ ਕਰ ਕੇ ਹੁਣ ਸੁਖਬੀਰ ਬਾਦਲ ਲਈ ਪਰਖ ਦੀ ਘੜੀ ਹੈ ਕਿ ਉਹ ਸਿਰਸਾ ਖਿਲਾਫ ਦੂਜੀ ਐੱਫਆਈਆਰ ਦਰਜ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕਦੋਂ ਪ੍ਰਧਾਨਗੀ ਤੋਂ ਲਾਂਭੇ ਕਰਦੇ ਹਨ। ਜੀਕੇ ਨੇ ਐਲਾਨ ਕੀਤਾ ਕਿ ਜਾਗੋ ਪਾਰਟੀ ਵੱਲੋਂ 24 ਜਨਵਰੀ ਨੂੰ ਸਿਰਸਾ ਦੀ ਪੰਜਾਬੀ ਬਾਗ ਵਿਖੇ ਰਿਹਾਇਸ਼ ਦਾ ਘਿਰਾਓ ਕਰ ਕੇ ਅਸਤੀਫਾ ਮੰਗਿਆ ਜਾਵੇਗਾ।

ਸਿਰਸਾ ਦੀ ਯੂਪੀ ਪੁਲਿਸ ਵੱਲੋਂ ਗਿ੍ਫ਼ਤਾਰੀ ਦੇ ਦਾਅਵੇ ਦਾ ਮਜ਼ਾਕ ਉਡਾਉਂਦਿਆਂ ਉਨ੍ਹਾਂ ਨੇ ਕਿਹਾ ਜੇ ਸਿਰਸਾ ਦੀ ਸੱਚਮੁੱਚ ਗਿ੍ਫਤਾਰੀ ਹੋਈ ਸੀ ਤਾਂ ਜਾਮਾ ਤਲਾਸ਼ੀ ਸਮੇਂ ਪੁਲਿਸ ਨੇ ਉਸ ਦਾ ਫੋਨ ਤੇ ਨਗਦੀ ਜਮ੍ਹਾਂ ਕਿਉਂ ਨਹੀਂਂ ਕੀਤੀ ਸੀ। ਸਿਰਸਾ ਸਿਰਫ ਕਿਸਾਨੀ ਅੰਦੋਲਨ ਨੂੰ ਅਕਾਲੀ ਦਲ ਦੇ ਹੱਕ 'ਚ ਭੁਗਤਾਉਣ ਲਈ ਕੋਰੀ ਜ਼ੋਰ ਅਜ਼ਮਾਇਸ਼ ਦਾ ਡਰਾਮੇ ਕਰ ਰਹੇ ਹਨ।