ਅਮਰਾਵਤੀ : ਸਿਆਸਤ 'ਚ ਸਭ ਨੂੰ ਖ਼ੁਸ਼ ਕਰਨ ਦੀ ਨੀਤੀ ਕੋਈ ਨਵੀਂ ਨਹੀਂ। ਇਸ ਲਈ ਸਿਆਸੀ ਪਾਰਟੀਆਂ ਤਰ੍ਹਾਂ-ਤਰ੍ਹਾਂ ਦੇ ਬੰਦੋਬਸਤ ਕਰਦੀਆਂ ਹਨ। ਇਸੇ ਕੜੀ 'ਚ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਵਾਈਐੱਸਆਰ ਕਾਂਗਰਸ ਪਾਰਟੀ ਦੇ ਪ੍ਰਧਾਨ ਵਾਈਐੱਸ ਜਗਨ ਮੋਹਨ ਰੈੱਡੀ ਨੇ ਸਾਰੇ ਭਾਈਚਾਰਿਆਂ ਨੂੰ ਖ਼ੁਸ਼ ਕਰਨ ਲਈ ਸਭ ਤੋਂ ਆਸਾਨ ਤਰੀਕਾ ਲੱਭ ਲਿਆ ਹੈ। ਉਨ੍ਹਾਂ ਨੇ ਪੰਜ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ, ਜੋ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਤੇ ਕਪੂ ਭਾਈਚਾਰੇ ਤੋਂ ਹੋਣਗੇ। ਸ਼ਨਿਚਰਵਾਰ ਨੂੰ 25 ਮੈਂਬਰੀ ਮੰਤਰੀ ਮੰਡਲ ਨੂੰ ਸਹੁੰ ਚੁਕਾਈ ਜਾਵੇਗੀ। ਜਗਨ ਮੋਹਨ ਨੇ ਇਕੱਲਿਆਂ 30 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਸੀ।

ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਸ਼ੁੱਕਰਵਾਰ ਸਵੇਰੇ ਆਪਣੀ ਰਿਹਾਇਸ਼ 'ਤੇ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ 'ਚ ਪੰਜ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ। 25 ਮੰਤਰੀਆਂ 'ਚੋਂ ਅੱਧੇ ਮੰਤਰੀ ਵੀ ਇਨ੍ਹਾਂ ਹੀ ਭਾਈਚਾਰਿਆਂ ਤੋਂ ਹੋਣਗੇ। ਪੰਜ ਉਪ ਮੁੱਖ ਮੰਤਰੀ ਬਣਾਉਣ ਵਾਲਾ ਆਂਧਰ ਪ੍ਰਦੇਸ਼ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਚੰਦਰਬਾਬੂ ਨਾਇਡੂ ਨੇ ਆਪਣੀ ਕੈਬਨਿਟ 'ਚ ਪੱਛੜੇ ਵਰਗ ਤੇ ਕਪੂ ਭਾਈਚਾਰੇ ਦੇ ਦੋ ਉਪ ਮੁੱਖ ਮੰਤਰੀ ਬਣਾਏ ਸਨ।

ਵਾਈਐੱਸਆਰਸੀਪੀ ਦੇ ਵਿਧਾਇਕ ਮੁਹੰਮਦ ਮੁਸਤਫ਼ਾ ਸ਼ੇਖ ਅਤੇ ਰਾਮਕ੍ਰਿਸ਼ਨ ਰੈੱਡੀ ਨੇ ਪੰਜ ਉਪ ਮੁੱਖ ਮੰਤਰੀ ਬਣਾਉਣ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ। ਵਿਧਾਇਕ ਦਲ ਦੀ ਬੈਠਕ 'ਚ ਜਗਨ ਮੋਹਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਮੰਤਰੀ ਮੰਡਲ 'ਚ ਕਮਜ਼ੋਰ ਤਬਕਿਆਂ ਨੂੰ ਤਰਜੀਹ ਦਿੱਤੀ ਜਾਵੇਗੀ ਜਦਕਿ ਰੈੱਡੀ ਭਾਈਚਾਰੇ ਦੇ ਦਬਦਬੇ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਸਨ। ਬੈਠਕ 'ਚ ਜਗਨ ਮੋਹਨ ਨੇ ਇਹ ਵੀ ਕਿਹਾ ਕਿ ਢਾਈ ਸਾਲ ਬਾਅਦ ਸਰਕਾਰ ਦੇ ਕੰਮਕਾਜ ਦੀ ਸਮੀਖਿਆ ਤੋਂ ਬਾਅਦ ਕੈਬਨਿਟ 'ਚ ਬਦਲਾਅ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਵਾਈਆਂ ਗਈਆਂ ਆਂਧਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 'ਚ ਜਗਨ ਮੋਹਨ ਰੈੱਡੀ ਦੀ ਪਾਰਟੀ ਨੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਵਿਧਾਨ ਸਭਾ ਦੀਆਂ 175 'ਚੋਂ 151 ਸੀਟਾਂ 'ਤੇ ਵਾਈਐੱਸਆਰ ਕਾਂਗਰਸ ਜਿੱਤੀ ਜਦਕਿ ਲੋਕ ਸਭਾ ਦੀਆਂ 25 'ਚੋਂ 22 ਸੀਟਾਂ ਪਾਰਟੀ ਦੇ ਹਿੱਸੇ ਆਈਆਂ।