ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਕਾਰਨ ਪੈਦਾ ਹੋਏ ਹਾਲਾਤ 'ਚ ਅਖ਼ਬਾਰਾਂ ਇਕ ਸੁਚੇਤ ਮੁਲਾਜ਼ਮ ਦੀ ਤਰ੍ਹਾਂ ਕੰਮ ਕਰ ਰਹੀਆਂ ਹਨ। ਇਨ੍ਹਾਂ ਔਕੜਾਂ ਵਿਚਾਲੇ ਅਖ਼ਬਾਰਾਂ ਸਾਹਮਣੇ ਈ-ਪੇਪਰ ਕਾਪੀ ਹੋਣ ਤੇ ਡਿਜੀਟਲ ਪਾਇਰੇਸੀ ਦੀ ਚੁਣੌਤੀ ਵੀ ਖੜ੍ਹੀ ਹੋ ਗਈ ਹੈ। ਬਹੁਤ ਸਾਰੇ ਲੋਕ ਨਾਜਾਇਜ਼ ਢੰਗ ਨਾਲ ਈ-ਪੇਪਰ ਦੀ ਪੀਡੀਐੱਫ ਕਾਪੀ ਵ੍ਹਟਸਐਪ ਤੇ ਟੈਲੀਗ੍ਰਾਮ ਵਰਗੇ ਸੋਸ਼ਲ ਮੈਸੇਜਿੰਗ ਐਪ ਦੇ ਵੱਖ-ਵੱਖ ਗਰੁੱਪਾਂ 'ਚ ਸਰਕੂਲੇਟ ਕਰ ਰਹੇ ਹਨ। ਇਸ ਨਾਲ ਅਖ਼ਬਾਰਾਂ ਦੇ ਸਬਸਕ੍ਰਿਪਸ਼ਨ 'ਤੇ ਨਾਂਹਪੱਖੀ ਅਸਰ ਹੁੰਦਾ ਹੈ ਤੇ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।

ਇੰਡੀਅਨ ਨਿਊਜ਼ ਪੇਪਰ ਸੁਸਾਇਟੀ (ਆਈਐੱਨਐੱਸ) ਨੇ ਸਪੱਸ਼ਟ ਕੀਤਾ ਹੈ ਕਿ ਨਾਜਾਇਜ਼ ਢੰਗ ਨਾਲ ਈ-ਪੇਪਰ ਪੇਜ ਤੋਂ ਅਖ਼ਬਾਰ ਕਾਪੀ ਕਰਨਾ ਤੇ ਪੀਡੀਐੱਫ ਨੂੰ ਸਰਕੂਲੇਟ ਕਰਨਾ ਸਜ਼ਾ ਯੋਗ ਅਪਰਾਧ ਹੈ। ਈ-ਪੇਪਰ ਜਾਂ ਉਨ੍ਹਾਂ ਦੇ ਅੰਸ਼ ਕਾਪੀ ਕਰ ਕੇ ਸੋਸ਼ਲ ਮੀਡੀਆ 'ਤੇ ਫੈਲਾਉਣਾ ਵੀ ਗ਼ੈਰ-ਕਾਨੂੰਨੀ ਹੈ। ਕਿਸੇ ਗਰੁੱਪ 'ਚ ਨਾਜਾਇਜ਼ ਢੰਗ ਨਾਲ ਅਖ਼ਬਾਰ ਦਾ ਈ-ਪੇਪਰ ਜਾਂ ਪੀਡੀਐੱਫ ਸਰਕੂਲੇਟ ਹੋਣ ਦੀ ਸਥਿਤੀ 'ਚ ਗਰੁੱਪ ਦੇ ਐਡਮਿਨ ਨੂੰ ਦੋਸ਼ੀ ਮੰਨਿਆ ਜਾਵੇਗਾ। ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਮੋਟੇ-ਤਾਜ਼ੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਈਐੱਨਐੱਸ ਨੇ ਅਖ਼ਬਾਰਾਂ ਨੂੰ ਸੁਰੱਖਿਆ ਪੱਖੋਂ ਕਈ ਹੋਰ ਕਦਮ ਉਠਾਉਣ ਦਾ ਵੀ ਨਿਰਦੇਸ਼ ਦਿੱਤਾ ਹੈ। ਅਖ਼ਬਾਰਾਂ ਨੂੰ ਅਜਿਹੀ ਤਕਨੀਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ ਜਿਸ ਨਾਲ ਪੀਡੀਐੱਫ ਫਾਈਲ ਡਾਊਨਲੋਡ ਕਰ ਕੇ ਉਸ ਨੂੰ ਸਰਕੂਲੇਟ ਕਰਨ ਵਾਲੇ ਦਾ ਪਤਾ ਲਾਉਣਾ ਸੰਭਵ ਹੋ ਸਕੇਗਾ। ਹਰ ਹਫ਼ਤੇ ਇਕ ਤੈਅਸ਼ੁਦਾ ਗਿਣਤੀ ਤੋਂ ਜ਼ਿਆਦਾ ਪੀਡੀਐੱਫ ਡਾਊਨਲੋਡ ਕਰਨ ਵਾਲੇ ਯੂਜ਼ਰ ਨੂੰ ਬਲਾਕ ਕਰ ਦਿੱਤਾ ਜਾਵੇਗਾ। ਅਖ਼ਬਾਰ ਦੀ ਪੀਡੀਐੱਫ ਜਾਂ ਇਮੇਜ਼ ਡਾਊਨਲੋਡ ਨੂੰ ਸੀਮਤ ਕਰਨ ਤੇ ਜਾਵਾ ਸਕ੍ਰਿਪਟ ਦੀ ਮਦਦ ਨਾਲ ਈ-ਪੇਪਰ ਪੇਜ਼ ਤੋਂ ਕਾਪੀ ਦੇ ਬਦਲ 'ਤੇ ਪਾਬੰਦੀ ਵਰਗੇ ਕਦਮ ਵੀ ਉਠਾਉਣ ਨੂੰ ਕਿਹਾ ਗਿਆ ਹੈ।