ਜੇਐੱਨਐੱਨ, ਨਵੀਂ ਦਿੱਲੀ : ਇਸਰੋ ਮੁਖੀ ਕੇ ਸਿਵਨ ਨੇ ਬੁੱਧਵਾਰ ਨੂੰ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੰਦਰਯਾਨ 3 ਪ੍ਰੋਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਦੱਸਿਆ, 'ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ। ਇਸ ਦੇ ਲਈ ਚਾਰ ਲੋਕਾਂ ਦੀ ਚੋਣ ਹੋਈ ਹੈ। ਇਨ੍ਹਾਂ ਚਾਰਾਂ ਨੂੰ ਟ੍ਰੇਨਿੰਗ ਲਈ ਰੂਸ ਭੇਜਣ ਦੀ ਯੋਜਨਾ ਹੈ।' ਉਨ੍ਹਾਂ ਦੱਸਿਆ, 'ਅਸੀਂ ਚੰਦਰਯਾਨ-2 ਵੇਲੇ ਵਧੀਆ ਤਰੱਕੀ ਕੀਤੀ ਹਾਲਾਂਕਿ ਅਸੀਂ ਲੈਂਡਿੰਗ 'ਚ ਕਾਮਯਾਬ ਨਹੀਂ ਹੋ ਸਕੇ ਪਰ ਹਾਲੇ ਵੀ ਆਰਬਿਟਰ ਕੰਮ ਕਰ ਰਿਹਾ ਹੈ। ਇਹ ਅਗਲੇ ਸੱਤ ਸਾਲਾਂ ਤਕ ਕੰਮ ਕਰੇਗਾ ਤੇ ਸਾਨੂੰ ਡਾਟਾ ਮੁਹੱਈਆ ਕਰਵਾਏਗਾ।'

ਘੱਟ ਲਾਗਤ 'ਚ ਲਾਂਚ ਹੋਵੇਗਾ ਚੰਦਰਯਾਨ-3

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਹਾਲਾਂਕਿ ਇਸ ਬਾਰੇ ਉਨ੍ਹਾਂ ਜ਼ਿਆਦਾ ਵੇਰਵਾ ਨਹੀਂ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਚੰਦਰਯਾਨ 2 ਦੇ ਮੁਕਾਬਲੇ ਘੱਟ ਲਾਗਤ ਨਾਲ ਚੰਦਰਯਾਨ 3 ਲਾਂਚ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਚੰਦਰਯਾਨ-2 ਨੂੰ 'ਨਿਰਾਸ਼ਾਜਨਕ' ਦੱਸਣ ਦੀ ਗੱਲ ਨੂੰ ਗ਼ਲਤ ਕਰਾਰ ਦਿੱਤਾ। ਉਨ੍ਹਾਂ ਅਨੁਸਾਰ, ਚੰਦਰਮਾ ਦੀ ਸਤ੍ਹਾ 'ਤੇ ਉਤਰਨ ਵਾਲਾ ਭਾਰਤ ਦਾ ਇਹ ਯਤਨ ਅਸਫਲ ਨਹੀਂ ਰਿਹਾ ਕਿਉਂਕਿ ਇਸ ਤੋਂ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਹੈ। ਹੁਣ ਤਕ ਕਿਸੇ ਵੀ ਦੇਸ਼ ਨੇ ਪਹਿਲੇ ਯਤਨ 'ਚ ਮੰਜ਼ਿਲ ਹਾਸਿਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਚੰਦਰਯਾਨ-2 ਦੇ ਅਨੁਭਵਾਂ ਤੇ ਮੌਜੂਦਾ ਬੁਨਿਆਦੀ ਸਹੂਲਤਾਂ ਚੰਦਰਯਾ-3 ਦੀ ਲਾਗਤ ਘੱਟ ਕਰੇਗਾ। ਹਾਲਾਂਕਿ ਉਨ੍ਹਾਂ ਇਸ ਨਵੇਂ ਮਿਸ਼ਨ ਲਈ ਨਿਸ਼ਚਿਤ ਤਾਰੀਕ ਦੱਸਣ ਤੋਂ ਇਨਕਾਰ ਕਰ ਦਿੱਤਾ।

ਪਹਿਲੇ ਯਤਨ 'ਚ ਕੋਈ ਦੇਸ਼ ਨਹੀਂ ਹੋਇਆ ਸਫ਼ਲ

ਕੇਂਦਰੀ ਮੰਤਰੀ ਨੇ ਕਿਹਾ, 'ਕਾਫੀ ਸੰਭਾਵਨਾ ਹੈ ਕਿ 2020 'ਚ ਲੈਂਡਰ ਤੇ ਰੋਵਰ ਮਿਸ਼ਨ ਪੂਰਾ ਹੋਵੇਗਾ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਚੰਦਰਯਾਨ-2 ਮਿਸ਼ਨ ਨੂੰ ਅਸਫ਼ਲ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਤੋਂ ਸਾਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਹੈ। ਦੁਨੀਆ ਦਾ ਕੋਈ ਦੇਸ਼ ਆਪਣੇ ਪਹਿਲੇ ਯਤਨ 'ਚ ਚੰਦਰਮਾ ਦੀ ਸਤ੍ਹਾ 'ਤੇ ਨਹੀਂ ਪਹੁੰਚਿਆ। ਅਮਰੀਕਾ ਨੇ ਵੀ ਕਈ ਯਤਨ ਕੀਤੇ।'

ਚੰਦਰਮਾ ਦੀ ਸਤ੍ਹਾ 'ਤੇ ਚੰਦਰਯਾਨ-2 ਮਿਸ਼ਨ ਭਾਰਤ ਦਾ ਪਹਿਲਾ ਯਤਨ ਸੀ। ਇਸਰੋ ਨੇ ਚੰਦਰਮਾ ਦੀ ਸਤ੍ਹਾ ਦੇ ਦੱਖਣੀ ਧਰੂਵ 'ਤੇ ਉਤਰਨ ਦੀ ਯੋਜਨਾ ਬਣਾਈ ਸੀ। ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਲਿਖਤੀ ਪ੍ਰਕਿਰਿਆ 'ਚ ਕੇਂਦਰੀ ਮੰਤਰੀ ਨੇ ਇਸ ਮਿਸ਼ਨ ਦਾ ਪੂਰਾ ਵੇਰਵਾ ਦਿੱਤਾ ਸੀ।

Posted By: Seema Anand