ਨਵੀਂ ਦਿੱਲੀ (ਏਜੰਸੀ) : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ ਨੇ ਸ਼ਨਿਚਰਵਾਰ ਨੂੰ ਚੰਦਰਮਾ ਦੀ ਸਤ੍ਹਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਚੰਦਰਯਾਨ-2 ਦੇ ਆਰਬਿਰਟਰ 'ਤੇ ਲੱਗੇ ਹਾਈ ਰੈਜ਼ੁਲੂਸ਼ਨ ਕੈਮਰੇ (ਓਅਐੱਚਆਰਸੀ) ਤੋਂ ਖਿੱਚੀਆਂ ਗਈਆਂ ਹਨ। ਆਰਬਿਰਟਰ ਨੇ ਪੰਜ ਸਤੰਬਰ ਨੂੰ ਚੰਦਰਮਾ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਉਚਾਈ ਤੋਂ ਇਹ ਤਸਵੀਰਾਂ ਖਿੱਚੀਆਂ ਸਨ।

ਓਐੱਚਆਰਸੀ ਨੂੰ ਬਹੁਤ ਹਾਈ ਰੈਜ਼ੁਲੂਸ਼ਨ ਤਸਵੀਰਾਂ ਖਿੱਚਣ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਇਹ ਹੁਣ ਤਕ ਚੰਦਰਮਾ ਵੱਲੋਂ ਭੇਜੇ ਗਏ ਕਿਸੇ ਵੀ ਦੇਸ਼ ਦੇ ਆਰਬਿਰਟਰ ਦੇ ਕੈਮਰੇ ਤੋਂ ਸਭ ਤੋਂ ਸਪਸ਼ਟ ਤਸਵੀਰਾਂ ਖਿੱਚਣ ਦੇ ਸਮਰੱਥ ਹੈ। ਚੰਦਰਮਾ ਦੀ ਸਤ੍ਹਾ ਦੇ ਅਧਿਐਨ ਦੇ ਇਸ ਕੈਮਰੇ ਦੀ ਅਹਿਮ ਭੂਮਿਕਾ ਰਹੇਗੀ। ਇਸਰੋ ਨੇ 22 ਜੁਲਾਈ ਨੂੰ ਆਂਧਰ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਚੰਦਰਯਾਨ-2 ਨੂੰ ਲਾਂਚ ਕੀਤਾ ਸੀ।

ਇਸ 'ਚ ਆਰਬਿਰਟਰ ਤੋਂ ਇਲਾਵਾ ਲੈਂਡਰ ਤੇ ਰੋਵਰ ਵੀ ਸਨ। ਲੈਂਡਰ ਰੋਵਰ ਨੂੰ ਛੇ ਸੱਤ ਸਤੰਬਰ ਦੀ ਦਰਮਿਆਨੀ ਰਾਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨਾ ਸੀ। ਹਾਲਾਂਕਿ ਆਖ਼ਰੀ ਪਲ਼ਾਂ 'ਚ ਲੈਂਡਰ ਨਾਲੋਂ ਸੰਪਰਕ ਟੁੱਟ ਗਿਆ ਸੀ ਤੇ ਉਸ ਦੀ ਸਾਫਟ ਲੈਂਡਿੰਗ ਨਹੀਂ ਹੋ ਸਕੀ ਸੀ।

ਉੱਥੇ ਹੀ ਆਰਬਿਰਟਰ ਠੀਕ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਲਾਂਚਿੰਗ ਤੋਂ ਲੈ ਕੇ ਅਗਲੀ ਸਾਰੀ ਪ੍ਰਕਿਰਿਆ ਸਟੀਕ ਤਰੀਕੇ ਨਾਲ ਨੇਪਰੇ ਚੜ੍ਹਨ ਕਾਰਨ ਆਰਬਿਰਟਰ 'ਚ ਵਾਧੂ ਇੰਜਣ ਬਚਿਆ ਰਹਿ ਗਿਆ। ਇਸ ਦੀ ਮਦਦ ਨਾਲ ਆਰਬਿਰਟਰ ਪਹਿਲਾਂ ਤੋਂ ਤੈਅ ਇਕ ਸਾਲ ਦੀ ਬਜਾਏ ਸੱਤ ਸਾਲ ਤਕ ਚੰਦਰਮਾ ਦੀ ਪਰਿਕਰਮਾ ਕਰਦਿਆਂ ਤਜਰਬਿਆਂ ਨੂੰ ਅੰਜਾਮ ਦੇ ਸਕਦਾ ਹੈ।