ਜੇਐੱਨਐੱਨ, ਚੇਨਈ : ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਅੱਜ ਬੁੱਧਵਾਰ ਨੂੰ ਦੇਸ਼ ਦੇ ਇਕ ਨਵੇਂ ਜਾਸੂਸੀ ਸੈਟੇਲਾਈਟ ਆਰਆਈਐੱਸਏਟੀ-2ਬੀਆਰ1 (RISAT-2BR1) ਤੇ ਨੌਂ ਵਿਦੇਸ਼ੀ ਉਪਗ੍ਰਹਿਆਂ ਨੂੰ ਲਾਂਚ ਕਰ ਦਿੱਤਾ। ਇਸਰੋ ਦਾ ਰਾਕੇਟ ਪੀਐੱਸਐੱਲਵੀ-ਸੀ48 (PSL-C48) ਨੇ ਦੁਪਹਿਰੋਂ ਬਾਅਦ 3:25 ਵਜੇ ਆਰਆਈਐੱਸਏਟੀ-2ਬੀਆਰ1 ਨਾਲ ਉਡਾਨ ਭਰੀ। ਆਰਆਈਏਐੱਸਟੀ-2ਬੀਆਰ1 ਇਕ ਰਡਾਰ ਇਮੇਜਿੰਗ ਨਿਗਰਾਨੀ ਉਪਗ੍ਰਹਿ ਹੈ ਜਿਸ ਦਾ ਭਾਰ 628 ਕਿਲੋਗ੍ਰਾਮ ਹੈ। ਆਓ ਜਾਣਦੇ ਹਾਂ ਇਸ ਦੀਆਂ ਖ਼ੂਬੀਆਂ...

ਭਾਰਤ ਦੀ ਦੂਸਰੀ ਖ਼ੁਫ਼ਿਆ ਅੱਖ

ਮਾਹਿਰਾਂ ਦੀ ਮੰਨੀਏ ਤਾਂ ਇਹ ਸੈਟੇਲਾਈਟ ਭਾਰਤੀ ਸਰਹੱਦਾਂ ਦੀ ਸੁਰੱਖਿਆ ਦੇ ਲਿਹਾਜ਼ ਤੋਂ ਬੇਹੱਦ ਖਾਸ ਹੈ। ਇਸ ਨੂੰ ਭਾਰਤ ਦੀ ਦੂਸਰੀ ਖ਼ੁਫ਼ੀਆ ਅੱਖ ਕਿਹਾ ਜਾ ਸਕਦਾ ਹੈ। ਰੀਸੈਟ-2ਬੀਆਰ1 ਸੈਟੇਲਾਈਟ ਦੇ ਧਰਤੀ ਦੇ ਪੰਧ 'ਚ ਸਥਾਪਿਤ ਹੋਣ ਤੋਂ ਬਾਅਦ ਭਾਰਤ ਦੀ ਰਡਾਰ ਇਮੇਜਿੰਗ ਤਾਕਤ ਕਈ ਗੁਣਾ ਵਧ ਜਾਵੇਗੀ। ਇਸ ਦੀ ਮਦਦ ਨਾਲ ਭਾਰਤੀ ਸਰਹੱਦਾਂ ਦੀ ਨਿਗਰਾਨੀ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਪੁਖ਼ਤਾ ਬਣਾਉਣ ਦੀ ਪਲਾਨਿੰਗ ਆਸਾਨ ਹੋ ਜਾਵੇਗੀ।

ਦੁਸ਼ਮਣ ਦੀਆਂ ਗਤੀਵਿਧੀਆਂ 'ਤੇ ਹੋਵੇਗੀ ਬਾਜ਼ ਅੱਖ

ਇਹ ਸੈਟੇਲਾਈਟ ਆਪਣੇ ਪੰਧ 'ਚ ਸਥਾਪਿਤ ਹੋਣ ਦੇ ਨਾਲਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤੇ ਕੁਝ ਦੇਰ ਬਾਅਦ ਹੀ ਇਸ ਤੋਂ ਤਸਵੀਰਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਇਹ ਉਪਗ੍ਰਹਿ ਕਿਸੇ ਵੀ ਮੌਸਮ 'ਚ ਬੇਹੱਦ ਸਾਫ਼ ਤਸਵੀਰਾਂ ਲੈ ਸਕੇਗਾ। ਬੱਦਲਾਂ ਦੀ ਮੌਜੂਦਗੀ 'ਚ ਵੀ ਇਹ ਦੁਸ਼ਮਣ ਦੀਆਂ ਗਤੀਵਿਧੀਆਂ 'ਤੇ ਪੈਨੀ ਨਜ਼ਰ ਰੱਖੇਗਾ। ਇਹੀ ਨਹਈਂ ਇਸ ਨਾਲ ਆਫ਼ਤ ਪ੍ਰਬੰਧਨ ਕਾਰਜਾਂ 'ਚ ਵੀ ਭਰਪੂਰ ਮਦਦ ਮਿਲੇਗੀ। ਰੀਸੈਟ 2 ਬੀਆਰ1 ਦਾ ਡਿਫੈਂਸ ਇੰਟੈਲੀਜੈਂਸ ਸੈਂਸਰ ਭਾਰਤ 'ਚ ਹੀ ਬਣਾਇਆ ਗਿਆ ਹੈ ਜਿਸ ਰਾਹੀਂ ਰਾਤ ਨੂੰ ਤਸਵੀਰਾਂ ਲਈਆਂ ਜਾ ਸਕਦੀਆਂ ਹਨ।

100 ਕਿਲੋਮੀਟਰ ਹੋਇਆ ਦਾਇਰਾ

ਇਹ ਉਪਗ੍ਰਹਿ ਕਰੀਬ ਸੌ ਕਿੱਲੋਮੀਟਰ ਦੇ ਦਾਇਰੇ ਦੀਆਂ ਤਸਵੀਰਾਂ ਭੇਜੇਗਾ। ਇਸ ਨੂੰ ਆਮ ਤੌਰ 'ਤੇ ਸਰਹੱਦ ਪਾਰੋਂ ਹੋਣ ਵਾਲੀ ਘੁਸਪੈਠ ਰੋਕਣ ਲਈ ਤਿਆਰ ਕੀਤਾ ਗਿਆ ਹੈ। ਇਸ ਨਾਲ ਸਰੱਦ ਪਾਰੋਂ ਹੋ ਰਹੇ ਅੱਤਵਾਦੀ ਜਮਾਵੜੇ ਦੀ ਵੀ ਜਾਣਕਾਰੀ ਮਿਲ ਸਕੇਗੀ। ਪੀਐੱਸਐੱਲਵੀ ਸੀਰੀਜ਼ ਦੇ ਰਾਕੇਟ ਤੋਂ ਹੋਣ ਵਾਲੀ ਇਹ 50ਵੀਂ ਲਾਂਚਿੰਗ ਹੈ। ਇਸ ਵਾਰ ਅਮਰੀਕਾ ਦੇ 6, ਇਜ਼ਰਾਈਲ, ਜਾਪਾਨ ਤੇ ਇਟਲੀ ਦੇ ਇਕ-ਇਕ ਸੈਟੇਲਾਈਟ ਲਾਂਚ ਕੀਤੇ ਜਾ ਰਹੇ ਹਨ।

Posted By: Seema Anand