ਨਵੀਂ ਦਿੱਲੀ, ਏਜੰਸੀ। ਇਸਰੋ ਪ੍ਰਮੁੱਖ ਕੇ ਸਿਵਨ ਨੇ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਕਾਫ਼ੀ ਚੰਗਾ ਕੰਮ ਕਰ ਰਿਹਾ ਹੈ। ਸਾਰੇ ਪੇਲੋਡ ਸੰਚਾਲਨ ਸ਼ੁਰੂ ਹੋ ਗਏ ਹਨ, ਉਹ ਬਹੁਤ ਚੰਗਾ ਕਰ ਰਿਹਾ ਹੈ। ਹਾਰਡ ਲੈਂਡਿੰਗ ਤੋਂ ਬਾਅਦ ਲੈਂਡਰ ਵਿਕਰਮ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਆਰਬਿਟਰ ਬਹੁਤ ਚੰਗਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਦੀ ਕਮੇਟੀ ਇਸ ਗੱਲ ਦਾ ਵਿਸ਼ਲੇਸ਼ਣ ਕਰ ਰਹੀ ਹੈ ਕਿ ਅਸਲ 'ਚ ਵਿਕਰਮ ਲੈਂਡਰ ਨਾਲ ਕੀ ਗ਼ਲਤ ਹੋਇਆ।


ਉਨ੍ਹਾਂ ਅੱਗੇ ਕਿਹਾ ਕਿ ਹੋ ਸਕਦਾ ਹੈ ਕਿ ਕਮੇਟੀ ਦੇ ਰਿਪੋਰਟ ਸੌਂਪਣ ਮਗਰੋਂ ਉਹ ਭਵਿੱਖ ਦੇ ਪ੍ਰੋਜੈਕਟ 'ਤੇ ਕੰਮ ਕਰਨਗੇ। ਲੋੜੀਂਦੀਆਂ ਪ੍ਰਵਾਨਗੀਆਂ ਤੇ ਹੋਰ ਪ੍ਰਕਿਰਿਆਵਾਂ ਦੀ ਜ਼ਰੂਰਤ ਹੁੰਦੀ ਹੈ। ਉਹ ਉਸ 'ਤੇ ਕੰਮ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪ੍ਰਮੁੱਖ ਕੇ. ਸਿਵਨ ਨੇ ਕਿਹਾ ਸੀ ਕਿ ਚੰਦਰਯਾਨ-2 ਮਿਸ਼ਨ ਆਪਣੇ ਟੀਚੇ 'ਚ 98 ਫ਼ੀਸਦੀ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਰੋ ਹੁਣ 2020 ਤਕ ਦੂਸਰੇ ਚੰਦਰਯਾਨ ਮਿਸ਼ਨ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਸਿਵਨ ਨੇ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਤੇ ਉਮੀਦ ਹੈ ਕਿ ਉਹ ਇਕ ਸਾਲ ਦੀ ਬਜਾਏ ਸਾਢੇ ਸੱਤ ਸਾਲ ਤਕ ਤੈਅ ਵਿਗਿਆਨਕ ਪ੍ਰਯੋਗ ਠੀਕ ਢੰਗ ਨਾਲ ਕਰਦਾ ਰਹੇਗਾ।

Posted By: Akash Deep