ਸਟੇਟ ਬਿਊਰੋ, ਸ੍ਰੀਨਗਰ : ਕਸ਼ਮੀਰ 'ਚ ਸੁਧਰਦੇ ਹਾਲਾਤ ਤੋਂ ਪਰੇਸ਼ਾਨ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਨੇ ਵਾਦੀ 'ਚ ਹਾਲਾਤ ਵਿਗਾੜਨ ਲਈ ਵੱਖਵਾਦੀਆਂ ਦੇ ਨਾਂ 'ਤੇ ਇੰਟਰਨੈੱਟ ਮੀਡੀਆ 'ਤੇ ਫਰਜ਼ੀ ਬਿਆਨਬਾਜ਼ੀ ਵੀ ਸ਼ੁਰੂ ਕਰ ਦਿੱਤੀ ਹੈ। ਕੱਟੜਪੰਥੀ ਸਈਦ ਅਲੀ ਸ਼ਾਹ ਗਿਲਾਨੀ ਦੇ ਨਾਂ 'ਤੇ ਵੀ ਅਜਿਹਾ ਹੀ ਇਕ ਬਿਆਨ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਨੂੰ ਬਜ਼ੁਰਗ ਕੱਟੜਪੰਥੀ ਆਗੂ ਦੇ ਪਰਿਵਾਰ ਨੇ ਫਰਜ਼ੀ ਦੱਸਿਆ ਹੈ। ਪੁਲਿਸ ਨੇ ਵੀ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਮਾਮਲਾ ਦਰਜ ਕਰ ਲਿਆ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਜਿਸ ਟਵਿੱਟਰ ਹੈਂਡਲ 'ਤੇ ਇਹ ਬਿਆਨ ਸਭ ਤੋਂ ਪਹਿਲਾਂ ਵਾਇਰਲ ਹੋਇਆ ਹੈ, ਉਹ ਪਾਕਿਸਤਾਨ ਤੋਂ ਸੰਚਾਲਿਤ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੰਜ ਅਗਸਤ 2019 ਤੋਂ ਬਾਅਦ ਕਸ਼ਮੀਰ 'ਚ ਹਾਲਾਤ ਲਗਾਤਾਰ ਆਮ ਵਰਗੇ ਹੁੰਦੇ ਜਾ ਰਹੇ ਹਨ। ਲੋਕ ਸਿਲਸਿਲੇਵਾਰ ਹੜਤਾਲ, ਹਿੰਸਕ ਪ੍ਰਦਰਸ਼ਨਾਂ ਤੇ ਬੰਦ ਦੀ ਸਿਆਸਤ ਨੂੰ ਨਕਾਰ ਚੁੱਕੇ ਹਨ। ਵੱਖਵਾਦੀਆਂ ਨੇ ਵੀ ਲੋਕਾਂ ਦਾ ਮਿਜਾਜ਼ ਭਾਂਪਦਿਆਂ ਹੜਤਾਲ ਜਾਂ ਬੰਦ ਦਾ ਸੱਦਾ ਲਗਪਗ ਬੰਦ ਕਰ ਦਿੱਤਾ ਹੈ। ਮੀਰਵਾਈਜ਼ ਮੋਲਵੀ ਉਮਰ ਫਾਰੂਕ, ਕੱਟੜਪੰਥੀ ਸਈਦ ਅਲੀ ਸ਼ਾਹ ਗਿਲਾਨੀ ਵਰਗੇ ਵੱਖਵਾਦੀ ਆਗੂ ਵੀ ਹੁਣ ਦੇਸ਼-ਵਿਰੋਧੀ ਬਿਆਨਬਾਜ਼ੀ ਤੋਂ ਪੂਰੀ ਤਰ੍ਹਾਂ ਬਚ ਰਹੇ ਹਨ।

ਕੱਟੜਪੰਥੀ ਸਈਦ ਅਲੀ ਸ਼ਾਹ ਗਿਲਾਨੀ ਬੀਤੇ ਕੁਝ ਸਾਲਾਂ ਤੋਂ ਆਪਣੇ ਘਰ 'ਚ ਹੀ ਹਨ। ਉਹ ਦਿਲ ਦੇ ਰੋਗ, ਗੁਰਦੇ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਸਮੇਤ ਕਈ ਬਿਮਾਰੀਆਂ ਤੋਂ ਗ੍ਸਤ ਹਨ। ਉਹ ਬਿਸਤਰੇ 'ਤੇ ਹੈ ਤੇ ਵੱਖਵਾਦੀ ਸਿਆਸਤ 'ਚ ਵੀ ਹੁਣ ਲਗਪਗ ਗ਼ੈਰ-ਸਰਗਰਮ ਨਜ਼ਰ ਆਉਂਦੇ ਹਨ। ਬੀਤੇ ਰੋਜ਼ ਤੋਂ ਇੰਟਰਨੈੱਟ ਮੀਡੀਆ 'ਤੇ ਉਨ੍ਹਾਂ ਦੇ ਨਾਂ ਇਕ ਬਿਆਨ ਲਗਾਤਾਰ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਲੋਕਾਂ ਨੂੰ ਸ਼ੁੱਕਰਵਾਰ ਨੂੰ ਕਸ਼ਮੀਰ ਬੰਦ ਕਰਨ ਕਾਮਯਾਬ ਬਣਾਉਣ ਤੇ ਨਮਾਜ਼-ਏ-ਜੁੰਮਾ ਤੋਂ ਬਾਅਦ ਰਾਸ਼ਟਰ ਵਿਰੋਧੀ ਪ੍ਰਦਰਸ਼ਨ ਕਰਨ ਦਾ ਸੱਦਾ ਦੇ ਰਹੇ ਹਨ। ਇਸ ਬਿਆਨ 'ਚ ਕਈ ਭੜਕਾਊ ਗੱਲਾਂ ਲਿਖੀਆਂ ਹੋਈਆਂ ਹਨ। ਇਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਦਾ ਦੌਰ ਸ਼ੁਰੂ ਹੋ ਗਿਆ ਹੈ।