ਜੇਐੱਨਐੱਨ, ਹਾਵੜਾ : ਸੁਪਰੀਮ ਕੋਰਟ 'ਚ ਤਿੰਨ ਤਲਾਕ ਮਾਮਲੇ ਦੀ ਪਟੀਸ਼ਨਰ ਇਸ਼ਰਤ ਜਹਾਂ ਨੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਹੈ ਕਿ ਉਸ ਨੂੰ ਹਿਜਾਬ ਪਾ ਕੇ ਹਨੂੰਮਾਨ ਚਾਲੀਸਾ ਪਾਠ ਵਿਚ ਹਿੱਸਾ ਲੈਣ ਲਈ ਧਮਕਾਇਆ ਗਿਆ ਹੈ। ਉਸ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ। ਬੰਗਾਲ ਦੇ ਗੋਲਾਬਾੜੀ ਥਾਣੇ ਵਿਚ ਕੀਤੀ ਗਈ ਸ਼ਿਕਾਇਤ ਵਿਚ ਉਨ੍ਹਾਂ ਆਪਣੇ ਕਰੀਬੀ ਰਿਸ਼ਤੇਦਾਰ ਅਤੇ ਮਕਾਨ ਮਾਲਕ 'ਤੇ ਧਾਰਮਿਕ ਪ੍ਰੋਗਰਾਮ ਵਿਚ ਹਿੱਸਾ ਲੈਣ ਨੂੰ ਲੈ ਕੇ ਉਨ੍ਹਾਂ ਨੂੰ ਧਮਕੀ ਦੇਣ ਅਤੇ ਗਾਲ੍ਹਾਂ ਕੱਢਣ ਦਾ ਦੋਸ਼ ਵੀ ਲਾਇਆ ਹੈ।

ਇਸ਼ਰਤ ਜਹਾਂ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਆਪਣੇ ਬੇਟੇ ਦੇ ਸਕੂਲ ਤੋਂ ਘਰ ਵਾਪਸ ਪਰਤ ਰਹੀ ਸੀ। ਗੋਲਾਬਾੜੀ ਇਲਾਕੇ ਦੇ ਸੈਂਕੜੇ ਸਥਾਨਕ ਲੋਕਾਂ ਨੇ ਹਿਜਾਬ ਪਾ ਕੇ ਪਾਠ ਵਿਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਘੇਰਿਆ ਅਤੇ ਧਮਕਾਇਆ। ਥਾਣੇ ਦੇ ਇਕ ਅਧਿਕਾਰੀ ਨੇ ਕਿਹਾ, 'ਅਸੀਂ ਸ਼ਿਕਾਇਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। ਇਸ਼ਰਤ ਨੇ ਦੱਸਿਆ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਨ੍ਹਾਂ ਪੁਲਿਸ ਤੋਂ ਸੁਰੱਖਿਆ ਮੰਗੀ ਹੈ।' ਇਸ਼ਰਤ ਜਹਾਂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਇਕ ਧਰਮ-ਨਿਰਪੱਖ ਦੇਸ਼ ਵਿਚ ਰਹਿ ਰਹੇ ਹਾਂ। ਕਿਸੇ ਵੀ ਪਵਿੱਤਰ ਤਿਉਹਾਰ ਵਿਚ ਹਿੱਸਾ ਲੈਣਾ ਸਾਡਾ ਲੋਕਤੰਤਰੀ ਅਧਿਕਾਰ ਹੈ। ਮੈਂ ਆਪਣੇ ਦੇਸ਼ ਦੇ ਚੰਗੇ ਨਾਗਰਿਕ ਦੇ ਤੌਰ 'ਤੇ ਆਪਣਾ ਫ਼ਰਜ਼ ਨਿਭਾਇਆ ਹੈ। ਮੈਂ ਇਕ ਧਰਮ ਨਿਰਪੱਖ ਨਾਗਰਿਕ ਹਾਂ। ਹਾਲਾਂਕਿ, ਇਸ ਕਾਰਨ ਮੈਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਜਾਨ ਦਾ ਖ਼ਤਰਾ ਹੈ।

ਇਸ਼ਰਤ ਜਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਮਕਾਨ ਮਾਲਕ ਨੇ ਉਨ੍ਹਾਂ ਨੂੰ ਘਰ ਤੋਂ ਬਾਹਰ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ਼ਰਤ ਜਿੱਥੇ ਇਕ ਵਾਰ 'ਚ ਤਿੰਨ ਤਲਾਕ ਦੇਣ ਖ਼ਿਲਾਫ਼ ਮਾਮਲੇ ਦੇ ਪੰਜ ਪਟੀਸ਼ਨਰਾਂ ਵਿਚੋਂ ਇਕ ਹੈ। ਸੁਪਰੀਮ ਕੋਰਟ ਨੇ 22 ਅਗਸਤ, 2017 ਨੂੰ ਫੌਰੀ ਤੌਰ 'ਤੇ ਤਿੰਨ ਤਲਾਕ ਦੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ। ਇਸ਼ਰਤ ਜਹਾਂ ਦੇ ਪਤੀ ਨੇ 2014 ਵਿਚ ਦੁਬਈ ਤੋਂ ਫੋਨ 'ਤੇ ਲਗਾਤਾਰ ਤਿੰਨ ਵਾਰ 'ਤਲਾਕ' ਕਹਿ ਕੇ ਉਸ ਨਾਲੋਂ ਰਿਸ਼ਤਾ ਖ਼ਤਮ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।