ਨਵੀਂ ਦਿੱਲੀ (ਪੀਟੀਆਈ) : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ 'ਚ ਔਰਤਾਂ ਖ਼ਿਲਾਫ਼ ਹਾਲ 'ਚ ਹੋਏ ਅਪਰਾਧਾਂ ਦਾ ਜ਼ਿਕਰ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ਅਜਿਹੇ ਹੌਲਨਾਕ ਅਪਰਾਧਾਂ ਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਹੈ ਕਿ ਕੀ ਸਮਾਜ ਸਾਰਿਆਂ ਲਈ ਬਰਾਬਰ ਅਧਿਕਾਰਾਂ ਦੇ ਪੱਖੋਂ ਖਰਾ ਉਤਰ ਸਕਿਆ ਹੈ।

ਮਨੁੱਖੀ ਅਧਿਕਾਰ ਦਿਵਸ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਦੇ ਇਕ ਪ੍ਰੋਗਰਾਮ 'ਚ ਰਾਸ਼ਟਰਪਤੀ ਨੇ ਕਿਹਾ ਕਿ ਇਸ ਮੌਕੇ ਨੂੰ ਯਾਦਗਾਰ ਬਣਾਉਣ ਦਾ ਆਦਰਸ਼ ਤਰੀਕਾ ਇਹ ਹੋਵੇਗਾ ਕਿ ਪੂਰੀ ਦੁਨੀਆ ਇਸ ਗੱਲ 'ਤੇ ਆਤਮ ਨਿਰੀਖਣ ਕਰੇ ਕਿ ਮਨੁੱਖੀ ਅਧਿਕਾਰਾਂ ਦੇ ਸਰਬਵਿਆਪੀ ਐਲਾਨ (ਯੂਡੀਐੱਚਆਰ) ਦੀ ਭਾਵਨਾ 'ਤੇ ਖਰਾ ਉਤਰਨ ਲਈ ਹੋਰ ਕੀ ਕੀਤਾ ਜਾਣਾ ਚਾਹੀਦਾ।

ਇਸ ਮੌਕੇ 'ਤੇ ਰਾਸ਼ਟਰਪਤੀ ਨੇ ਯੂਡੀਐੱਚਆਰ ਦੇ ਨਿਰਮਾਣ 'ਚ ਭਾਰਤੀ ਸੁਧਾਰਕ ਹੰਸਾ ਜੀਵਰਾਜ ਮਹਿਤਾ ਦੇ ਯੋਗਦਾਨ ਨੂੰ ਵੀ ਯਾਦ ਕੀਤਾ। ਉਨ੍ਹਾਂ ਨੂੰ ਖਾਸ ਤੌਰ 'ਤੇ ਯੂਡੀਐੱਚਆਰ ਖਰੜੇ ਦੇ ਆਰਟੀਕਲ-1 ਦਾ ਵਾਕ 'ਸਾਰੇ ਮਰਦ ਬਰਾਬਰ ਤੇ ਆਜ਼ਾਦ ਜਨਮ ਲੈਂਦੇ ਹਨ' ਨੂੰ ਬਦਲਵਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।

ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਯੂਡੀਐੱਚਆਰ 'ਚ ਉਕਤ ਵਾਕ ਨੂੰ ਬਦਲ ਕੇ 'ਸਾਰੇ ਮਨੁੱਖ ਬਰਾਬਰ ਤੇ ਆਜ਼ਾਦ ਜਨਮ ਲੈਂਦੇ ਹਨ' ਕਰ ਦਿੱਤਾ ਗਿਆ ਸੀ। ਕੋਵਿੰਦ ਨੇ ਕਿਹਾ ਮਹਿਤਾ ਵਰਗੇ ਦੂਰਅੰਦੇਸ਼ ਆਗੂਆਂ ਨੂੰ ਯਾਦ ਕਰਨ ਲਈ ਕਾਫੀ ਕੁਝ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ, 'ਅਸੀਂ ਖ਼ੁਦ ਨੂੰ ਇਹ ਸਵਾਲ ਕਰ ਕੇ ਸ਼ੁਰੂਆਤ ਕਰ ਸਕਦੇ ਹਾਂ ਕਿ ਕੀ ਅਸੀਂ ਬਰਾਬਰ ਅਧਿਕਾਰਾਂ ਤੇ ਬਰਾਬਰ ਮਰਿਆਦਾ ਦੀ ਉਨ੍ਹਾਂ ਦੀ ਸੋਚ 'ਤੇ ਖਰੇ ਉਤਰੇ ਹਾਂ।

ਮਾੜੀ ਕਿਸਮਤ ਨਾਲ ਹਾਲ 'ਚ ਹੋਈਆਂ ਕਈ ਘਟਨਾਵਾਂ ਨੇ ਸਾਨੂੰ ਫਿਰ ਤੋਂ ਇਹ ਸੋਚਣ ਲਈ ਮਜਬੂਰ ਕੀਤਾ ਹੈ। ਔਰਤਾਂ ਖ਼ਿਲਾਫ਼ ਹੌਲਨਾਕ ਅਪਰਾਧਾਂ ਦੀਆਂ ਖ਼ਬਰਾਂ ਦੇਸ਼ ਦੇ ਕਈ ਹਿੱਸਿਆਂ ਤੋਂ ਆਈਆਂ ਹਨ। ਅਜਿਹੀਆਂ ਘਟਨਾਵਾਂ ਸਿਰਫ ਇਕ ਸਥਾਨ ਜਾਂ ਇਕ ਦੇਸ਼ ਤਕ ਹੀ ਸੀਮਤ ਨਹੀਂ ਹਨ। ਦੁਨੀਆ ਦੇ ਕਈ ਹਿੱਸਿਆਂ 'ਚ ਲੋਕਾਂ ਦੇ ਅਧਿਕਾਰ ਖ਼ਤਰੇ 'ਚ ਹਨ ਅਤੇ ਉਨ੍ਹਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ'।