ਜੇਐੱਨਐੱਨ, ਨਵੀਂ ਦਿੱਲੀ : ਚੀਨ ਦੀ ਮਦਦ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ 'ਚ ਕਸ਼ਮੀਰ ਮੁੱਦੇ ਨੂੰ ਉਠਾਉਣ 'ਚ ਲੱਗੇ ਪਾਕਿਸਤਾਨ ਨੂੰ ਕੋਈ ਸਫਲਤਾ ਤਾਂ ਨਹੀਂ ਮਿਲੀ ਹੈ ਪਰ ਭਾਰਤ ਨੇ ਪਾਕਿਸਤਾਨ 'ਚ ਵਧ-ਫੁਲ ਰਹੇ ਅੱਤਵਾਦੀ ਸੰਗਠਨਾਂ ਨੂੰ ਜ਼ਰੂਰ ਇਕ ਵਾਰ ਫਿਰ ਦੁਨੀਆ ਦੇ ਸਾਹਮਣੇ ਲਿਆ ਦਿੱਤਾ ਹੈ। ਭਾਰਤ ਨੇ ਵਿਸ਼ਵ ਬਰਾਦਰੀ ਨੂੰ ਬੇਨਤੀ ਕੀਤੀ ਹੈ ਕਿ ਜਿਸ ਤਰ੍ਹਾਂ ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਖ਼ਾਤਮੇ ਲਈ ਸੰਯੁਕਤ ਕਾਰਵਾਈ ਕੀਤੀ ਸੀ, ਵੈਸੇ ਹੀ ਪਾਕਿਸਤਾਨ ਵਿਚ ਵਸੇ ਦਾਊਦ ਇਬਰਾਹੀਮ ਤੇ ਉਸ ਦੀ ਡੀ-ਕੰਪਨੀ, ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਵਰਗੇ ਸੰਗਠਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਭਾਰਤ ਨੇ ਇਹ ਮੰਗ ਰੱਖ ਕੇ ਪਾਕਿਸਤਾਨ ਨੂੰ ਇਹ ਦੱਸ ਦਿੱਤਾ ਹੈ ਕਿ ਛੇਤੀ ਹੀ ਜਦੋਂ ਉਹ ਸੁਰੱਖਿਆ ਪ੍ਰਰੀਸ਼ਦ (ਯੂਐੱਨਐੱਸਸੀ) ਵਿਚ ਆਰਜ਼ੀ ਮੈਂਬਰ ਦੇ ਤੌਰ 'ਤੇ ਸ਼ਾਮਲ ਹੋਵੇਗਾ ਤਾਂ ਉਸ ਦੀਆਂ ਤਰਜੀਹਾਂ ਕੀ ਹੋਣਗੀਆਂ।

ਸੰਯੁਕਤ ਰਾਸ਼ਟਰ 'ਚ ਅੱਤਵਾਦ ਅਤੇ ਸੰਗਠਤ ਅਪਰਾਧ ਵਿਸ਼ੇ 'ਤੇ ਜਾਰੀ ਚਰਚਾ ਵਿਚ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਚਿਹਰੇ ਨੂੰ ਬੇਨਕਾਬ ਕਰਦੇ ਹੋਏ ਇਸ ਸਮੱਸਿਆ ਨਾਲ ਨਜਿੱਠਣ ਦੇ ਪੰਜ ਰਸਤੇ ਦੱਸੇ। ਭਾਰਤੀ ਪ੍ਰਤੀਨਿਧੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਹਾਲ ਦੇ ਸਾਲਾਂ ਵਿਚ ਆਈਐੱਸ ਖ਼ਿਲਾਫ਼ ਸਾਂਝੀ ਕਾਰਵਾਈ ਦੇ ਸਕਾਰਾਤਮਕ ਨਤੀਜੇ ਨਿਕਲੇ ਹਨ। ਇਸ ਕਾਮਯਾਬੀ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਇਕੱਠੀ ਹੋਵੇ ਤਾਂ ਖੂੰਖਾਰ ਅੱਤਵਾਦੀ ਸੰਗਠਨਾਂ ਨੂੰ ਵੀ ਨੱਥ ਪਾਈ ਜਾ ਸਕਦੀ ਹੈ। ਇਸੇ ਤਰ੍ਹਾਂ ਦੀ ਕਾਰਵਾਈ ਡੀ-ਕੰਪਨੀ, ਲਸ਼ਕਰ ਜਾਂ ਜੈਸ਼-ਏ-ਮੁਹੰਮਦ 'ਤੇ ਹੋਵੇ ਤਾਂ ਇਸ ਨਾਲ ਮਨੁੱਖਤਾ ਦਾ ਭਲਾ ਹੋਵੇਗਾ। ਭਾਰਤ ਨੇ ਦੂਜੀ ਗੱਲ ਇਹ ਕਹੀ ਕਿ ਜਿਹੜਾ ਵੀ ਦੇਸ਼ ਆਪਣੀ ਜ਼ਮੀਨ ਦਾ ਇਸਤੇਮਾਲ ਅੱਤਵਾਦੀ ਸਰਗਰਮੀਆਂ ਲਈ ਕਰਨ ਦੇ ਰਿਹਾ ਹੋਵੇ, ਉਸ ਖ਼ਿਲਾਫ਼ ਪੁਖ਼ਤਾ ਕਾਰਵਾਈ ਦੀ ਵਿਵਸਥਾ ਹੋਵੇ। ਇਸ ਬਾਰੇ 'ਚ ਯੂਐੱਨਐੱਸਸੀ ਵੱਲੋਂ ਮਤਾ ਵੀ ਪਾਸ ਹੋ ਚੁੱਕਾ ਹੈ ਕਿ ਹਰ ਦੇਸ਼ ਨੂੰ ਆਪਣੀ ਜ਼ਮੀਨ 'ਤੇ ਅੱਤਵਾਦੀ ਸਰਗਰਮੀਆਂ ਨੂੰ ਰੋਕਣ ਲਈ ਕਦਮ ਚੁੱਕਣੇ ਹੋਣਗੇ।