ਜੇਐੱਨਐੱਨ, ਨਵੀਂ ਦਿੱਲੀ :Delhi Police Commissioner: ਦਿੱਲੀ ਪੁਲਿਸ ’ਚ ਮੰਗਲਵਾਰ ਰਾਤ ਇਕ ਵੱਡਾ ਫੇਰਬਦਲ ਕੀਤਾ ਗਿਆ ਹੈ। ਦਿੱਲੀ ਪੁਲਿਸ ਕਮਿਸ਼ਨਰ ਦੀ ਵਾਧੂ ਜ਼ਿੰਮੇਵਾਰੀ ਸੰਭਾਲ ਰਹੇ ਬਾਲਾਜੀ ਸ੍ਰੀਵਾਸਤਵ ਨੂੰ ਗ੍ਰਹਿ ਮੰਤਰਾਲੇ ਨੇ ਤੁਰੰਤ ਹਟਾ ਕੇ ਉਨ੍ਹਾਂ ਦੀ ਜਗ੍ਹਾ ਰਾਕੇਸ਼ ਅਸਥਾਨਾ ਨੂੰ ਦਿੱਲੀ ਪੁਲਿਸ ਦਾ ਨਵਾਂ ਕਮਿਸ਼ਨਰ ਬਣਾ ਦਿੱਤਾ ਹੈ। ਅਸਥਾਨਾ ਗੁਜਰਾਤ ਕੈਡਰ ਦੇ 1984 ਬੈਚ ਦੇ ਸੀਨੀਅਰ ਆਈਪੀਐੱਸ ਹਨ ਅਤੇ ਸਰਕਾਰ ਦੇ ਸਭ ਤੋਂ ਨੇੜੇ ਮੰਨੇ ਜਾਂਦੇ ਹਨ।

ਉਹ ਅਜੇ ਬੀਐੱਸਐੱਫ ਦੇ ਡੀਜੀ ਵਜੋਂ ਤਾਇਨਾਤ ਸਨ। ਉਨ੍ਹਾਂ ਦੀ ਸੇਵਾਮੁਕਤੀ ਦਾ ਸਮਾਂ ਸਿਰਫ ਦੋ ਦਿਨ ਬਾਕੀ ਬਚਿਆ ਹੈ। ਪਰ ਕਮਿਸ਼ਨਰ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਫਿਲਹਾਲ ਇਕ ਸਾਲ ਦਾ ਸੇਵਾ ਵਿਸਥਾਰ ਵੀ ਦਿੱਤਾ ਗਿਆ ਹੈ। ਮੰਤਰਾਲੇ ਦੇ ਉਕਤ ਆਦੇਸ਼ ਅਨੁਸਾਰ, ਉਹ 31 ਜੁਲਾਈ 2022 ਤਕ ਦਿੱਲੀ ਪੁਲਿਸ ਦੇ ਕਮਿਸ਼ਨਰ ਅਹੁਦੇ ’ਤੇ ਰਹਿਣਗੇ। ਦਿੱਲੀ ਪੁਲਿਸ ਦੇ ਇਤਿਹਾਸ ’ਚ ਇਹ ਦੂਜਾ ਮੌਕਾ ਹੈ, ਜਦੋਂ ਗ਼ੈਰ ਯੂਟੀ ਕੈਡਰ ਦੇ ਆਈਪੀਐੱਸ ਨੂੰ ਕਮਿਸ਼ਨਰ ਬਣਾਇਆ ਗਿਆ ਹੈ।

ਇਸ ਤੋਂ ਪਹਿਲਾਂ 1999 ’ਚ ਵੀ ਭਾਜਪਾ ਦੀ ਸਰਕਾਰ ’ਚ ਯੂਪੀ ਕੈਡਰ ਦੇ ਆਈਪੀਐੱਸ ਅਜੈ ਰਾਜ ਸ਼ਰਮਾ ਨੂੰ ਦਿੱਲੀ ਪੁਲਿਸ ਦਾ ਕਮਿਸ਼ਨਰ ਬਣਾਇਆਸੀ। ਉਹ ਕਰੀਬ ਤਿੰਨ ਸਾਲ ਤਕ ਕਮਿਸ਼ਨਰ ਰਹੇ ਸਨ। ਹਾਲਾਂਕਿ ਉਸ ਦੌਰਾਨ ਇਸ ਨੂੰ ਲੈ ਕੇ ਇਹ ਮਾਮਲਾ ਸੁਪਰੀਮ ਕੋਰਟ ’ਚ ਵੀ ਪਹੁੰਚਿਆ ਸੀ। 1988 ਬੈਚ ਦੇ ਯੂਟੀ ਕੈਡਰ ਦੇ ਆਈਪੀਐੱਸ ਬਾਲਾਜੀ ਸ੍ਰੀਵਾਸਤਵ ਕੋਲ ਹੁਣ ਸਿਰਫ਼ ਵਿਜੀਲੈਂਸ ਦੀ ਜ਼ਿੰਮੇਵਾਰੀ ਰਹੇਗੀ। ਉਹ ਵਿਸ਼ੇਸ਼ ਕਮਿਸ਼ਨਰ ਵਿਜੀਲੈਂਸ ਅਹੁਦੇ ’ਤੇ ਰਹਿਣਗੇ।

Posted By: Jagjit Singh