ਏਜੰਸੀ, ਨਵੀਂ ਦਿੱਲੀ : ਆਈਐੱਨਐਕਸ ਮੀਡੀਆ ਮਾਮਲੇ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਸੁਣਵਾਈ ਤੋਂ ਬਾਅਦ ਕੋਰਟ ਨੇ ਪੀ ਚਿਦੰਬਰਮ ਦਾ ਹਿਰਾਸਤ ਸਮਾਂ ਕਾਲ 27 ਨਵੰਬਰ ਤਕ ਵਧਾ ਦਿੱਤਾ ਹੈ। ਉਨ੍ਹਾਂ ਦਾ ਹਿਰਾਸਤ ਦਾ ਸਮਾਂ ਅੱਜ ਖ਼ਤਮ ਹੋ ਗਿਆ ਸੀ।

ਜ਼ਿਕਰਯੋਗ ਹੈ ਕਿ ਆਈਐੱਨਐਕਸ ਮੀਡੀਆ ਡੀਲ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਫਿਲਹਾਲ ਹਿਰਾਸਤ ਵਿਚ ਹਨ ਅਤੇ ਉਹ ਅਜੇ ਵੀ ਤਿਹਾੜ ਜੇਲ੍ਹ ਵਿਚ ਹੀ ਹਨ। ਇਸ ਕੇਸ ਵਿਚ ਪਿਛਲੇ ਸੋਮਵਾਰ ਨੂੰ ਹਾਈਕੋਰਟ ਦੇ ਜੱਜ ਸੁਰੇਸ਼ ਕੈਟ ਦੇ ਬੈਂਚ ਸਾਹਮਣੇ ਸੁਣਵਾਈ ਹੋਣੀ ਸੀ ਪਰ ਵਕੀਲਾਂ ਅਤੇ ਪੁਲਿਸ ਦੇ ਨਾਲ ਹੋਏ ਵਿਵਾਦ ਤੋਂ ਬਾਅਦ ਵਕੀਲ ਹੜਤਾਲ 'ਤੇ ਸਨ ਜਿਸ ਕਾਰਨ ਸੁਣਵਾਈ ਨਹੀਂ ਹੋ ਸਕੀ।

ਇਸ ਮਾਮਲੇ ਵਿਚ ਈਡੀ ਨੇ ਚਿਦੰਬਰਮ 'ਤੇ ਦੋਸ਼ ਲਾਇਆ ਕਿ ਭ੍ਰਿਸ਼ਟਾਚਾਰ ਲਈ ਪੀ ਚਿਦੰਬਰਮ ਨੇ ਆਪਣੇ ਬੇਟੇ ਨਾਲ ਮਿਲ ਕੇ ਇਹ ਸਾਜਿਸ਼ ਰਚੀ ਸੀ। ਇਸ ਮਾਮਲੇ ਵਿਚ ਉਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਵਿਦੇਸ਼ੀ ਸੰਵਰਧਨ ਨਿਵੇਸ਼ ਬੋਰਡ ਤੋਂ ਮਨਜ਼ੂਰੀ ਦਿਵਾਈ ਸੀ। ਇਸ ਦੇ ਜਵਾਬ ਵਿਚ ਚਿਦੰਬਰਮ ਨੇ ਕਿਹਾ ਕਿ ਅਜਿਹੇ ਕੋਈ ਸਬੂਤ ਪੇਸ਼ ਨਹੀਂ ਕੀਤੇ ਗਏ ਜਿਨ੍ਹਾਂ ਨਾਲ ਉਨ੍ਹਾਂ 'ਤੇ ਲੱਗੇ ਦੋਸ਼ ਸਾਬਤ ਹੋ ਸਕਣ।

ਮਨੀ ਲਾਂਡਰਿੰਗ ਮਾਮਲੇ ਵਿਚ ਨਿਆਂਇਕ ਹਿਰਾਸਤ ਵਿਚ ਚਲ ਰਹੇ ਚਿਦੰਬਰਮ ਦੀ ਜ਼ਮਾਨਤ ਪਟੀਸ਼ਨ ਕੋਰਟ ਨੇ ਪਹਿਲਾਂ ਹੀ ਰੱਦ ਕਰ ਦਿੱਤੀ ਸੀ। ਉਨ੍ਹਾਂ ਨੇ ਕੋਰਟ ਤੋਂ ਤਬੀਅਤ ਖਰਾਬ ਹੋਣ ਕਾਰਨ ਅਗਾਉਂ ਜ਼ਮਾਨਤ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਏਮਜ਼ ਵਿਚ ਮੈਡੀਕਲ ਬੋਰਡ ਦੀ ਰਿਪੋਰਟ 'ਤੇ ਹਾਈਕੋਰਟ ਨੇ ਉਨ੍ਹਾਂ ਦੀ ਅਗਾਉਂ ਜ਼ਮਾਨਤ ਰੱਦ ਕਰ ਦਿੱਤੀ ਸੀ। ਦੱਸ ਦੇਈਏ ਕਿ ਕੇਂਦਰੀ ਜਾਂਚ ਏਜੰਸੀ ਨੇ ਚਿਦੰਬਰਮ ਨੂੰ 21 ਅਗਸਤ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ।

Posted By: Susheel Khanna