ਜੇਐੱਨਐੱਨ, ਮੇਰਠ : ਮੇਰਠ 'ਚ ਸਦਰ ਬਾਜ਼ਾਰ ਦੇ ਥਾਣਾ ਖੇਤਰ ਥਾਪਰਨਗਰ 'ਚੋਂ ਐਤਵਾਰ ਨੂੰ ਗਿ੍ਫ਼ਤਾਰ ਅੱਤਵਾਦੀ ਤੀਰਥ ਸਿੰਘ ਨੇ ਪੁਲਿਸ ਰਿਮਾਂਡ 'ਚ ਮੰਨਿਆ ਹੈ ਕਿ ਚਾਰ ਮਹੀਨੇ ਤੋਂ ਫੇਸਬੁੱਕ ਮੈਸੰਜਰ 'ਤੇ ਬਰਤਾਨੀਆ 'ਚ ਰਹਿਣ ਵਾਲੇ ਗੁਰੂਸ਼ਰਨਬੀਰ ਦੇ ਸੰਪਰਕ 'ਚ ਸੀ। ਇਸ ਦੌਰਾਨ ਉਹ ਗੁਰੂਸ਼ਰਨ ਨੂੰ ਕਰੀਬ 400 ਮੈਸੇਜ ਵੀ ਕਰ ਚੁੱਕਾ ਹੈ। ਯੂਪੀ ਏਟੀਐੱਸ ਤੇ ਪੰਜਾਬ ਪੁਲਿਸ ਅੱਤਵਾਦੀ ਤੀਰਥ, ਉਸ ਦੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਤੀਰਥ ਨੂੰ ਫੰਡਿੰਗ ਕਰਵਾ ਰਹੀ ਸੀ। ਤੀਰਥ ਦੇ ਹੋਰ ਮਕਸਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਥੇ, ਹਸਤੀਨਾਪੁਰ ਪੁਲਿਸ ਮੁਤਾਬਕ, ਜਾਂਚ 'ਚ ਪਤਾ ਲੱਗਾ ਹੈ ਕਿ ਇਥੋਂ ਤੀਰਥ ਦਾ ਪਰਿਵਾਰ ਕਾਫੀ ਸਮੇਂ ਪਹਿਲਾਂ ਹੀ ਚਲਾ ਗਿਆ ਸੀ। ਸੂਤਰਾਂ ਅਨੁਸਾਰ ਤੀਰਥ ਨੇ ਮੰਨਿਆ ਹੈ ਕਿ ਫੇਸਬੁੱਕ ਮੈਸੇਜ ਰਾਹੀਂ ਉਸ ਦਾ ਸੰਪਰਕ ਬਰਤਾਨੀਆ 'ਚ ਰਹਿਣ ਵਾਲੇ ਗੁਰੂਸ਼ਰਨਵੀਰ ਨਾਲ ਹੋਇਆ ਸੀ। ਉਸ ਨੇ ਹੀ ਉਸ ਨੂੰ ਖ਼ਾਲਿਸਤਾਨ ਦੀ ਹਮਾਇਤ ਕਰਨ ਤੇ ਰੈਫਰੈਂਡਮ ਦੇ ਹੱਕ 'ਚ ਪ੍ਰਚਾਰ ਕਰਨ ਲਈ ਕਿਹਾ ਸੀ। ਤੀਰਥ ਖ਼ਿਲਾਫ਼ 28 ਮਈ ਨੂੰ ਸਪੈਸ਼ਲ ਸੈੱਲ ਨੇ ਮੋਹਾਲੀ (ਚੰਡੀਗੜ੍ਹ) 'ਚ ਮੁਕੱਦਮਾ ਦਰਜ ਕੀਤਾ ਸੀ। ਜਾਂਚ 'ਚ ਦੇਖਿਆ ਜਾ ਰਿਹਾ ਹੈ ਕਿ ਤੀਰਥ ਸਿਰਫ ਰਕਮ ਲਈ ਕੰਮ ਕਰਦਾ ਸੀ ਜਾਂ ਉਸ ਦਾ ਮਕਸਦ ਕੁਝ ਹੋਰ ਸੀ। ਮੰਨਿਆ ਜਾ ਰਿਹਾ ਹੈ ਕਿ ਆਈਐੱਸਆਈ ਖ਼ਾਲਿਸਤਾਨ ਦੀ ਹਮਾਇਤ ਕਰਨ ਵਾਲਿਆਂ ਨੂੰ ਫੰਡਿੰਗ ਮੁਹੱਈਆ ਕਰਵਾ ਰਹੀ ਸੀ। ਏਟੀਐੱਸ ਅਨੁਸਾਰ ਪੰਜਾਬ ਪੁਲਿਸ ਦੀ ਟੀਮ ਤੀਰਥ ਸਿੰਘ 'ਤੇ ਕਾਫੀ ਦਿਨਾਂ ਤੋਂ ਕੰਮ ਕਰ ਰਹੀ ਸੀ। ਉਸ ਦੀ ਰਿਹਾਇਸ਼ ਤੋਂ ਕੁਝ ਇਤਰਾਜ਼ਯੋਗ ਪੋਸਟਰ ਵੀ ਮਿਲੇ ਹਨ।

ਸਿਰਫ ਇਕ ਪੋਸਟਰ ਮਿਲਣ 'ਤੇ ਪੁੱਤਰ ਨੂੰ ਬਣਾ ਦਿੱਤੈ ਅੱਤਵਾਦੀ

ਮੂਲ ਤੌਰ 'ਤੇ ਹਸਤੀਨਾਪੁਰ ਦੇ ਪਿੰਡ ਕਿਸ਼ਨਪੁਰਾ ਨਿਵਾਸੀ ਤੀਰਥ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਦਾ ਅੱਤਵਾਦੀਆਂ ਤੇ ਖ਼ਾਲਿਸਤਾਨੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ। ਪਿਤਾ ਨੇ ਸਵਾਲ ਉਠਾਇਆ ਕਿ ਜੇ ਉਹ ਇਸ ਜਥੇਬੰਦੀ ਨਾਲ ਜੁੜਿਆ ਹੁੰਦਾ ਤਾਂ ਉਸ ਕੋਲ ਪੈਸੇ ਜਾਂ ਰਕਮ ਤਾਂ ਮਿਲਦੀ। ਪੈਸੇ ਹੁੰਦੇ ਤਾਂ ਉਹ ਮੋਟਰਸਾਈਕਲ ਦੇ ਪੁਰਜਿਆਂ ਦੀ ਦੁਕਾਨ 'ਤੇ ਕੰਮ ਕਿਉਂ ਕਰਦਾ। ਸਿਰਫ ਇਕ ਪੋਸਟਰ ਮਿਲਣ ਨਾਲ ਹੀ ਤੀਰਥ ਨੂੰ ਅੱਤਵਾਦ ਬਣਾ ਦਿੱਤਾ ਹੈ। ਉਸ ਕੋਲ ਪਾਸਪੋਰਟ ਤਕ ਨਹੀਂ ਹੈ। ਹਾਂ, ਇਕ ਵਾਰ ਉਹ ਪੰਜਾਬ ਸਥਿਤ ਗੁਰਦੁਆਰੇ 'ਚ ਗਿਆ ਸੀ, ਜਿਥੋਂ ਅਗਲੇ ਦਿਨ ਪਰਤ ਆਇਆ ਸੀ।