ਜੇਐੱਨਐੱਨ, ਮੁਰਾਦਾਬਾਦ : ਸਾਰੇ ਦੇਸ਼ 'ਚ ਸ਼ਤਾਬਦੀ ਤੇ ਦੁਰੰਤੋ ਐਕਸਪ੍ਰੈੱਸ 'ਚ ਵਾਈਫਾਈ ਦੀ ਸਹੂਲਤ ਮਿਲੇਗੀ। ਇਸ ਲਈ ਪਹਿਲੇ ਪੜਾਅ 'ਚ 27 ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਹੋ ਗਈ ਹੈ। ਅਪ੍ਰੈਲ ਤੋਂ ਬਾਅਦ ਰੇਲਗੱਡੀਆਂ 'ਚ ਵਾਈਫਾਈ ਸਿਸਟਮ ਲੱਗਣਾ ਸ਼ੁਰੂ ਹੋ ਜਾਵੇਗਾ।

ਰੇਲਵੇ ਪ੍ਰਸ਼ਾਸਨ ਨੇ ਦੇਸ਼ ਦੇ ਜ਼ਿਆਦਾਤਰ ਰੇਲਵੇ ਸਟੇਸ਼ਨਾਂ 'ਤੇ ਤੇਜ਼ ਇੰਟਰਨੈੱਟ ਚਲਾਉਣ ਲਈ ਵਾਈਫਾਈ ਦੀ ਸਹੂਲਤ ਮੁਹੱਈਆ ਕਰਵਾਈ ਹੋਈ ਹੈ ਪਰ ਰੇਲਗੱਡੀਆਂ 'ਚ ਅਜੇ ਤਕ ਇੰਟਰਨੈੱਟ ਦੀ ਸਹੂਲਤ ਨਹੀਂ ਹੈ। ਸਫਰ ਦੌਰਾਨ ਯਾਤਰੀਆਂ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਰਾਜਧਾਨੀ, ਸ਼ਤਾਬਦੀ ਤੇ ਦੁਰੰਤੋ ਐਕਸਪ੍ਰੈੱਸ 'ਚ ਵਾਈਫਾਈ ਲਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ। ਫਰਵਰੀ ਮਹੀਨੇ 'ਚ ਪੇਸ਼ ਕੀਤੇ ਬਜਟ 'ਚ ਸਾਰੇ ਦੇਸ਼ 'ਚ 50 ਰਾਜਧਾਨੀ, ਸ਼ਤਾਬਦੀ ਤੇ ਦੁਰੰਤੋ ਐਕਸਪ੍ਰੈੱਸ 'ਚ ਵਾਈਫਾਈ ਲਾਉਣ ਲਈ 55 ਕਰੋੜ ਰੁਪਏ ਰੱਖੇ ਗਏ ਸਨ।

ਪਹਿਲੇ ਪੜਾਅ 'ਚ 27 ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਰਾਸ਼ੀ ਨੂੰ 31 ਮਾਰਚ 2022 ਤੋਂ ਪਹਿਲਾਂ ਵਾਈਫਾਈ ਲਾਉਣ 'ਤੇ ਖਰਚ ਕੀਤਾ ਜਾਵੇਗਾ। ਰੇਲਵੇ ਨੇ ਇਸ ਦਾ ਕੰਮ ਰੇਲਟੇਲ ਨੂੰ ਸੌਂਪ ਦਿੱਤਾ ਹੈ ਜੋ ਇਕ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ।