ਸਟੇਟ ਬਿਊਰੋ, ਜੰਮੂ : ਜੰਮੂ-ਕਸ਼ਮੀਰ ਦੇ ਲੋਕਾਂ ਲਈ ਖ਼ੁਸ਼ਖ਼ਬਰੀ। ਪੰਜ ਮਹੀਨੇ ਤੇ ਦਸ ਦਿਨਾਂ ਬਾਅਦ ਸੂਬਾਈ ਪ੍ਰਸ਼ਾਸਨ ਨੇ ਜੰਮੂ ਡਵੀਜ਼ਨ ਦੇ ਪੰਜ ਜ਼ਿਲ੍ਹਿਆਂ ਜੰਮੂ, ਸਾਂਬਾ, ਕਠੂਆ, ਊਧਮਪੁਰ ਤੇ ਰਿਆਸੀ 'ਚ ਬੁੱਧਵਾਰ (15 ਜਨਵਰੀ) ਤੋਂ ਪੋਸਟਪੇਡ 'ਤੇ 2 ਜੀ ਮੋਬਾਈਲ ਇੰਟਰਨੈੱਟ ਸੇਵਾ ਬਹਾਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਉੱਥੇ, ਕਸ਼ਮੀਰ 'ਚ ਵੀ ਹੋਟਲਾਂ, ਵਿੱਦਿਅਕ ਅਦਾਰਿਆਂ ਤੇ ਟ੍ਰੈਵਲ ਏਜੰਸੀਆਂ ਲਈ ਬ੍ਰਾਡਬੈਂਡ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਸੂਬਾਈ ਗ੍ਰਹਿ ਵਿਭਾਗ ਨੇ ਮੰਗਲਵਾਰ ਰਾਤ ਇਸ ਸਬੰਧ 'ਚ ਆਦੇਸ਼ ਵੀ ਜਾਰੀ ਕਰ ਦਿੱਤਾ ਹੈ। ਹਾਲਾਂਕਿ ਇਹ ਸਹੂਲਤ ਫਿਲਹਾਲ ਸੱਤ ਦਿਨਾਂ ਲਈ ਹੈ। ਜ਼ਰੂਰਤ ਮੁਤਾਬਕ ਇਸ ਨੂੰ ਵਧਾਇਆ ਜਾਂ ਬੰਦ ਕੀਤਾ ਜਾ ਸਕਦਾ ਹੈ।

ਜੰਮੂ-ਕਸ਼ਮੀਰ 'ਚ ਚਾਰ ਅਗਸਤ ਦੀ ਰਾਤ ਨੂੰ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਇਸ ਤੋਂ 12 ਦਿਨਾਂ ਬਾਅਦ ਜੰਮੂ ਤੋਂ ਇਲਾਵਾ ਕਠੂਆ, ਸਾਂਬਾ, ਊਧਮਪੁਰ ਤੇ ਰਿਆਸੀ ਜ਼ਿਲ੍ਹੇ 'ਚ 2 ਜੀ ਮੋਬਾਈਲ ਇੰਟਰਨੈੱਟ ਸੇਵਾ ਬਹਾਲ ਕੀਤੀ ਸੀ, ਪਰ 24 ਘੰਟੇ ਦੇ ਅੰਦਰ ਹੀ ਇਸ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਸੀ। ਉਦੋਂ ਤੋਂ ਲਗਾਤਾਰ ਇੰਟਰਨੈੱਟ ਬਹਾਲ ਕਰਨ ਦੀ ਮੰਗ ਹੋ ਰਹੀ ਸੀ। ਸੁਪਰੀਮ ਕੋਰਟ ਨੇ ਵੀ ਪਿਛਲੇ ਹਫ਼ਤੇ ਕੇਂਦਰ ਸਰਕਾਰ ਨੂੰ ਜੰਮੂ-ਕਸ਼ਮੀਰ 'ਚ ਇੰਟਰਨੈੱਟ ਬਹਾਲੀ 'ਤੇ ਫ਼ੈਸਲਾ ਇਕ ਹਫ਼ਤੇ ਦੇ ਅੰਦਰ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਸਨ। ਜੰਮੂ ਡਵੀਜ਼ਨ 'ਚ ਸਾਧਾਰਨ ਸਥਿਤੀ ਨੂੰ ਦੇਖਦੇ ਹੋਏ ਸੂਬਾਈ ਪ੍ਰਸ਼ਾਸਨ ਨੇ ਚਾਰ ਜ਼ਿਲ੍ਹਿਆਂ 'ਚ 2ਜੀ ਮੋਬਾਈਲ ਇੰਟਰਨੈੱਟ ਸੇਵਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।


ਕਸ਼ਮੀਰ 'ਚ ਹੋਟਲ ਤੇ ਕਾਲਜਾਂ 'ਚ ਇੰਟਰਨੈੱਟ

ਗ੍ਰਹਿ ਵਿਭਾਗ ਦੇ ਆਦੇਸ਼ ਮੁਤਾਬਕ, ਕਸ਼ਮੀਰ 'ਚ ਸਾਰੇ ਹੋਟਲਾਂ, ਵਿੱਦਿਅਕ ਅਦਾਰਿਆਂ ਤੇ ਟੂਰ ਐਂਡ ਟ੍ਰੈਵਲ ਆਪ੍ਰੇਟਰਾਂ, ਹਸਪਤਾਲਾਂ, ਬੈਂਕਾਂ ਤੇ ਜ਼ਰੂਰੀ ਸੇਵਾਵਾਂ ਲਈ ਬ੍ਰਾਡਬੈਂਡ ਸੇਵਾ ਬਹਾਲ ਕੀਤੀ ਗਈ ਹੈ, ਪਰ ਇਹ ਸਹੂਲਤ ਦੇਣ ਤੋਂ ਪਹਿਲਾਂ ਕੁਝ ਪਾਬੰਦੀਆਂ ਵੀ ਰਹਿਣਗੀਆਂ। ਇਸ ਦੇ ਨਾਲ ਹੀ ਆਮ ਲੋਕਾਂ ਲਈ ਵਾਦੀ 'ਚ ਬ੍ਰਾਡਬੈਂਡ ਸੇਵਾ ਨੂੰ ਅਗਲੇ ਦੋ ਤਿੰਨ ਦਿਨਾਂ 'ਚ ਪੜਾਅਵਾਰ ਤਰੀਕੇ ਨਾਲ ਬਹਾਲ ਕੀਤਾ ਜਾਵੇਗਾ।

Posted By: Jagjit Singh