ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਸੰਕਟ ਕਾਲ 'ਚ ਵਿਦਿਆਰਥੀਆਂ 'ਤੇ ਇਕਮੁਸ਼ਤ ਪੂਰੀ ਫੀਸ ਜਮ੍ਹਾਂ ਕਰਨ ਦਾ ਦਬਾਅ ਬਣਾ ਰਹੇ ਤਕਨੀਕੀ ਵਿੱਦਿਅਕ ਅਦਾਰਿਆਂ ਨੂੰ ਆਲ ਇੰਡੀਆ ਤਕਨੀਕੀ ਸਿੱਖਿਆ ਕੌਂਸਲ (ਏਆਈਸੀਟੀਈ) ਨੇ ਸਖ਼ਤ ਨਿਰਦੇਸ਼ ਦਿੱਤੇ ਹਨ। ਕਿਹਾ ਕਿ ਕੌਮੀ ਆਫ਼ਤ ਦੀ ਇਸ ਘੜੀ 'ਚ ਉਹ ਵਿਦਿਆਰਥੀਆਂ 'ਤੇ ਇਕੱਠੀ ਪੂਰੀ ਫੀਸ ਜਮ੍ਹਾਂ ਕਰਨ ਦਾ ਦਬਾਅ ਨਾ ਬਣਾਏ, ਬਲਕਿ ਉਨ੍ਹਾਂ ਨੂੰ ਤਿੰਨ ਤੋਂ ਚਾਰ ਕਿਸ਼ਤਾਂ 'ਚ ਪੂਰੀ ਫੀਸ ਜਮ੍ਹਾਂ ਕਰਨ ਦਾ ਬਦਲ ਦੇਵੇ। ਅਦਾਰਿਆਂ ਨੂੰ ਇਸ ਸਬੰਧੀ ਆਪਣੇ ਰਸਮੀ ਪੋਰਟਲ 'ਤੇ ਸੂਚਨਾ ਵੀ ਜਾਰੀ ਕਰਨ ਲਈ ਕਿਹਾ ਹੈ।

ਏਆਈਸੀਟੀਈ ਨੇ ਇਸ ਨਾਲ ਹੀ ਤਕਨੀਕੀ ਵਿੱਦਿਅਕ ਅਦਾਰਿਆਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਤੇ ਉਨ੍ਹਾਂ ਨੂੰ ਸਮੇਂ 'ਤੇ ਤਨਖ਼ਾਹ ਨਾ ਦਿੱਤੇ ਜਾਣ ਦੇ ਮਾਮਲੇ ਨੂੰ ਵੀ ਨੋਟਿਸ 'ਚ ਲਿਆ ਹੈ। ਸਾਰੇ ਅਦਾਰਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੰਕਟ ਦੀ ਇਸ ਘੜੀ 'ਚ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਨਾ ਹਟਾਏ। ਬਲਕਿ ਸਮੇਂ 'ਤੇ ਤਨਖਾਹ ਦੇਣ ਤੇ ਜ਼ਰੂਰਤ ਪੈਣ 'ਤੇ ਹੋਰ ਮਦਦ ਵੀ ਕਰਨ। ਜੇ ਕਿਸੇ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਤਾਂ ਉਸ ਨੂੰ ਤੁਰੰਤ ਬਹਾਲ ਵੀ ਕੀਤਾ ਜਾਵੇ।

ਏਆਈਸੀਟੀਈ ਦੇ ਚੇਅਰਮੈਨ ਪ੍ਰੋ. ਅਨਿਲ ਸਹਸਰਬੁੱਧੇ ਨੇ ਅਦਾਰਿਆਂ ਨੂੰ ਦਿੱਤੇ ਨਿਰਦੇਸ਼ 'ਚ ਕਿਹਾ ਹੈ ਕਿ ਫਿਲਹਾਲ ਪੂਰੀ ਸਥਿਤੀ ਦੇ ਠੀਕ ਹੋਣ ਤਕ ਵਿਦਿਆਰਥੀਆਂ ਤੇ ਮੁਲਾਜ਼ਮਾਂ ਦਾ ਵੀ ਪੂਰਾ ਖ਼ਿਆਲ ਰੱਖਿਆ ਜਾਵੇ। ਨਾਲ ਹੀ ਉਨ੍ਹਾਂ ਅਦਾਰਿਆਂ ਨੂੰ ਲਿਖੇ ਇਕ ਪੱਤਰ 'ਚ ਸੁਝਾਅ ਦਿੱਤਾ ਕਿ ਉਹ ਸੰਕਟ ਕਾਲ 'ਚ ਸਾਰੇ ਵਿਦਿਆਰਥੀਆਂ ਨੂੰ ਅਦਾਰੇ ਦੇ ਇੰਟਰਨੈੱਟ ਤੇ ਬ੍ਰਾਡਬੈਂਡ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਦੇਵੇ। ਭਾਵੇਂ ਉਹ ਦੂਜੇ ਅਦਾਰੇ ਦਾ ਹੀ ਕਿਉਂ ਨਾ ਹੋਵੇ। ਉਂਜ ਵੀ ਮੌਜੂਦਾ ਸਮੇਂ 'ਚ ਕੋਰੋਨਾ ਇਨਫੈਕਸ਼ਨ ਦੇ ਖ਼ਤਰੇ ਨੂੰ ਦੇਖਦਿਆਂ ਸਾਰੇ ਵਿੱਦਿਅਕ ਅਦਾਰੇ ਬੰਦ ਪਏ ਹਨ। ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਨਲਾਈਨ ਪੜ੍ਹਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਏਆਈਸੀਟੀਈ ਨੇ ਵਿਦਿਆਰਥੀਆਂ ਤੇ ਤਕਨੀਕੀ ਅਦਾਰਿਆਂ 'ਚ ਕੰਮ ਕਰਨ ਵਾਲੇ ਅਧਿਆਪਕਾਂ ਤੇ ਮੁਲਾਜ਼ਮਾਂ ਲਈ ਇਹ ਨਿਰਦੇਸ਼ ਉਸ ਸਮੇਂ ਦਿੱਤਾ ਹੈ ਜਦੋਂ ਉਸ ਕੋਲ ਇਸ ਸਬੰਧੀ ਦੇਸ਼ ਭਰ ਤੋਂ ਵੱਡੀ ਗਿਣਤੀ 'ਤੇ ਸ਼ਿਕਾਇਤਾਂ ਪੁੱਜ ਰਹੀਆਂ ਹਨ।