ਨਵੀਂ ਦਿੱਲੀ, ਏਐੱਨਆਈ : ਮਾਲਦੀਵ 'ਚ ਫਸੇ ਭਾਰਤੀਆਂ ਨੂੰ ਲੈ ਕੇ ਜਲ ਸੈਨਾ ਦਾ ਜਹਾਜ਼ ਜਲਅਸ਼ਵ ਐਤਵਾਰ ਸਵੇਰੇ ਮਾਲੇ ਤੋਂ ਕੋੱਚੀ ਹਾਰਬਰ ਪੁੱਜਾ। ਜ਼ਿਕਰਯੋਗ ਹੈ ਕਿ ਜਲਸੈਨਾ ਨੇ ਵੀ ਵਿਦੇਸ਼ 'ਚ ਫਸੇ ਲੋਕਾਂ ਨੂੰ ਲਿਆਉਣ ਲਈ ਸਮੁੰਦਰ ਸੇਤੂ ਨਾਂ ਦੀ ਮੁਹਿੰਮ ਚਲਾਈ ਹੈ। ਇਸ ਜਹਾਜ਼ ਰਾਹੀਂ 19 ਗਰਭਵਤੀ ਔਰਤਾਂ ਸਮੇਤ 698 ਭਾਰਤੀ ਯਾਤਰੀਆਂ ਨੂੰ ਸਵਦੇਸ਼ ਲਿਆਂਦਾ ਗਿਆ। ਜਹਾਜ਼ 'ਤੇ ਦਵਾਈਆਂ ਸਮੇਤ ਹੋਰ ਮੈਡੀਕਲ ਸਮੱਗਰੀ ਲੋੜੀਂਦੀ ਮਾਤਰਾ 'ਚ ਉਪਲਬਧ ਹੈ।

ਕੇਰਲ ਵਾਪਸ ਆਉਣ ਵਾਲਿਆਂ 'ਚ 9 ਹਜ਼ਾਰ ਗਰਭਵਤੀ ਔਰਤਾਂ

ਵਿਦੇਸ਼ 'ਚ ਫਸੇ ਲੋਕਾਂ ਨੂੰ ਲਿਆਉਣ ਦੇ ਯਤਨਾਂ ਬਾਰੇ ਕੇਰਲ ਸਰਕਾਰ ਨੇ ਹਾਈਕੋਰਟ 'ਚ ਜਿਹੜਾ ਹਲਫ਼ਨਾਮਾ ਦਾਇਰ ਕੀਤਾ ਹੈ, ਉਸ ਦੇ ਅਨੁਸਾਰ ਕੇਰਲ ਵਾਪਸ ਆਉਣ ਵਾਲਿਆਂ 'ਚ 9572 ਗਰਭਵਤੀ ਔਰਤਾਂ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਵਿਦੇਸ਼ 'ਚ ਫਸੇ ਲੋਕਾਂ ਨੂੰ ਕੱਢਣ ਦੀ ਮੰਗ ਸਬੰਧੀ ਬੀਤੇ ਦਿਨੀਂ ਕਈ ਪਟੀਸ਼ਨਾਂ ਹਾਈ ਕੋਰਟ 'ਚ ਦਾਖ਼ਲ ਕੀਤੀਆਂ ਗਈਆਂ ਸਨ। ਇਨ੍ਹਾਂ ਸਾਰਿਆਂ 'ਤੇ ਵੀਰਵਾਰ ਨੂੰ ਸੁਣਵਾਈ ਹੋਈ। ਸੁਣਵਾਈ ਲਈ ਸੂਬਾ ਸਰਕਾਰ ਨੇ ਜਿਹੜਾ ਹਲਫ਼ਨਾਮਾ ਦਿੱਤਾ ਹੈ, ਉਸ ਅਨੁਸਾਰ ਸਵਦੇਸ਼ ਆਉਣ ਵਾਲਿਆਂ ਲਈ ਅਟੈਚ ਬਾਥਰੂਮ ਵਾਲੇ ਇਕ ਲੱਖ 15 ਹਜ਼ਾਰ ਕਮਰਿਆਂ ਦੀ ਵਿਵਸਥਾ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਵਿਦੇਸ਼ ਤੋਂ ਵਾਪਸ ਆਉਣ ਵਾਲਿਆਂ ਨੂੰ ਇਕ ਹਫ਼ਤਾ ਕੁਆਰੰਟਾਈਨ ਕੀਤਾ ਜਾਵੇਗਾ। ਇਸ ਤੋਂ ਬਾਅਦ ਇਕ ਹਫ਼ਤਾ ਉਨ੍ਹਾਂ ਨੂੰ ਆਪਣੇ ਘਰ 'ਚ ਆਈਸੋਲੇਟ ਰਹਿਣਾ ਪਵੇਗਾ। ਕਿਸੇ 'ਚ ਵੀ ਕੋਰੋਨਾ ਦੇ ਲੱਛਣ ਮਿਲਣ 'ਤੇ ਉਸ ਨੂੰ ਫੌਰਨ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਜਾਵੇਗਾ।

ਸਰਕਾਰ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਪਲਬਧ ਕਮਰਿਆਂ 'ਚ 9 ਹਜ਼ਾਰ ਕਮਰੇ ਹੋਟਲਾਂ ਤੇ ਰਿਜ਼ਾਰਟ ਦੇ ਹਨ। ਇਨ੍ਹਾਂ ਵਿਚ ਜੇਕਰ ਕੋਈ ਰਹਿਣਾ ਚਾਹੇਗਾ ਤਾਂ ਉਸ ਨੂੰ ਇਸ ਦਾ ਕਿਰਾਇਆ ਦੇਣਾ ਪਵੇਗਾ। ਹਲਫ਼ਨਾਮੇ 'ਚ ਇਸ ਦਾ ਵੀ ਜ਼ਿਕਰ ਹੈ ਕਿ ਸਰਕਾਰ ਨੇ ਸੂਬੇ ਦੇ 14 ਜ਼ਿਲ੍ਹਿਆਂ 'ਚ ਪਹਿਲੀ ਅਪ੍ਰੈਲ ਤੋਂ ਹੁਣ ਤਕ ਕੋਰੋਨਾ ਸਬੰਧੀ ਉਪਰਾਲਿਆਂ 'ਤੇ 13 ਕਰੋੜ ਰੁਪਏ ਖ਼ਰਚ ਕੀਤੇ ਹਨ। ਸਰਕਾਰ ਵੱਲੋਂ ਸੰਚਾਲਿਤ ਨੋਰਕਾ-ਰੂਟਸ ਨਾਂ ਦੇ ਵੈੱਬ ਪੋਰਟਲ ਅਨੁਸਾਰ ਕਰੀਬ 200 ਦੇਸ਼ਾਂ ਤੋਂ ਵਾਪਸੀ ਲਈ 4.45 ਲੱਖ ਕੇਰਲ ਵਾਸੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਉੱਥੇ ਹੀ ਮੁੱਖ ਮੰਤਰੀ ਪੀ. ਵਿਜਯਨ ਨੇ ਦਫ਼ਤਰ ਅਨੁਸਾਰ ਸੂਬੇ ਦੇ ਲੋਕ ਨਿਰਮਾਣ ਵਿਭਾਗ ਨੇ ਆਉਣ ਵਾਲਿਆਂ ਲਈ 2.2 ਲੱਖ ਬਿਸਤਰਿਆਂ ਦੀ ਵਿਵਸਥਾ ਵੀ ਕੀਤੀ ਹੈ।

Posted By: Seema Anand