ਬੈਂਗਲੁਰੂ (ਏਜੰਸੀ) : ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇੰਫੋਸਿਸ ਦੇ ਕੁਝ ਅਣਪਛਾਤੇ ਮੁਲਾਜ਼ਮਾਂ (ਵਿ੍ਸਲਬਲੋਅਰਸ) ਨੇ ਕੰਪਨੀ ਦੇ ਪ੍ਰਮੁੱਖ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਇਸ ਸ਼ਿਕਾਇਤ 'ਚ ਕੰਪਨੀ ਦੇ ਸੀਈਓ ਸਲਿਲ ਪਾਰਿਖ ਤੇ ਸੀਐੱਫਓ ਨਿਲੰਜਨ ਰਾਏ 'ਤੇ ਵਪਾਰ 'ਚ ਮੁਨਾਫ਼ਾ ਦਿਖਾਉਣ ਲਈ ਗਲਤ ਤਰੀਕੇ ਅਪਣਾਉਣ ਦੀ ਗੱਲ ਕਹੀ ਹੈ। ਕੰਪਨੀ ਨੇ ਇਸਦੇ ਜਵਾਬ 'ਚ ਕਿਹਾ ਕਿ ਵਿ੍ਸਲਬਲੋਅਰ ਦੀ ਸ਼ਿਕਾਇਤ ਨੂੰ ਨਿਯਮਾਂ ਦੇ ਮੁਤਾਬਕ ਆਡਿਟ ਕਮੇਟੀ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਹੈ। ਉੱਥੇ ਵਿ੍ਸਲਬਲੋਅਰ ਨਿਯਮਾਂ ਮੁਤਾਬਕ ਇਸ ਦਾ ਹੱਲ ਕੀਤਾ ਜਾਵੇਗਾ।

ਖੁਦ ਨੂੰ ਐਥਿਕਲ ਇੰਪਲਾਈਜ਼ ਕਹਿਣ ਵਾਲੇ ਇਨ੍ਹਾਂ ਮੁਲਾਜ਼ਮਾਂ ਨੇ ਕੰਪਨੀ ਦੇ ਬੋਰਡ ਨੂੰ ਪੱਤਰ ਲਿਖ ਕੇ ਕਿਹਾ ਕਿ ਮੁਲਜ਼ਮਾਂ ਦੇ ਈਮੇਲ ਤੇ ਵਾਇਸ ਰਿਕਾਰਡਿੰਗ ਤੋਂ ਸਾਫ਼ ਹੁੰਦਾ ਹੈ ਕਿ ਇਹ ਕਈ ਤਿਮਾਹੀਆਂ ਤੋਂ ਗ਼ਲਤ ਕਾਰੋਬਾਰੀ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ। ਕੰਪਨੀ ਬੋਰਡ ਨੂੰ ਇਹ ਪੱਤਰ 20 ਸਤੰਬਰ ਨੂੰ ਲਿਖਿਆ ਗਿਆ ਸੀ। ਬੋਰਡ ਵਲੋਂ ਪੱਤਰ ਦਾ ਜਵਾਬ ਨਹੀਂ ਮਿਲਣ 'ਤੇ ਇਨ੍ਹਾਂ ਮੁਲਾਜ਼ਮਾਂ ਨੇ ਤਿੰਨ ਅਕਤੂਬਰ ਨੂੰ ਅਮਰੀਕਾ ਸਥਿਤ ਆਫਿਸ ਆਫ ਦਿ ਵਿ੍ਸਲਬਲੋਅਰ ਪ੍ਰੋਟੈਕਸ਼ਨ ਪ੍ਰਰੋਗਰਾਮ ਨੂੰ ਇਸ ਮਾਮਲੇ ਤੋਂ ਜਾਣੂ ਕਰਾਇਆ ਗਿਆ ਸੀ।

ਇਹ ਹਨ ਦੋਸ਼

ਜੁਲਾਈ-ਸਤੰਬਰ ਤਿਮਾਹੀ ਦੌਰਾਨ ਜ਼ਿਆਦਾ ਮੁਨਾਫਾ ਦਿਖਾਉਣ ਲਈ ਵਿ੍ਸਲਬਲੋਅਰਸ ਨੂੰ ਵੀਜ਼ਾ ਲਾਗਤਾਂ ਘੱਟ ਕਰਨ ਲਈ ਕਿਹਾ ਗਿਆ।

- 353 ਕਰੋੜ ਰੁਪਏ ਦੇ ਰਿਵਰਸਲ ਨੂੰ ਵੀ ਨਜ਼ਰਅੰਦਾਜ ਕਰਨ ਲਈ ਦਬਾਅ ਪਾਏ ਜਾਣ ਦੀ ਗੱਲ ਕਹੀ ਗਈ ਹੈ।

- ਅਧਿਕਾਰੀਆਂ ਨੇ ਮੁਨਾਫ਼ਾ ਵਧਾ ਕੇ ਸਟਾਕਸ ਦੀ ਉੱਚੀ ਕੀਮਤ ਬਣਾਏ ਰੱਖਣ ਲਈ ਗੈਰਕਾਨੂੰਨੀ ਕਦਮ ਉਠਾਏ।

- ਵੈਰੀਜਾਨ, ਇੰਟੈਲ ਤੇ ਸਾਂਝੇ ਅਦਾਰਿਆਂ ਵਰਗੇ ਵੱਡੇ ਸੌਦਿਆਂ 'ਚ ਹੇਰਾਫੇਰੀ ਕੀਤੀ ਗਈ, ਆਡਿਟਰਸ ਤੇ ਕੰਪਨੀ ਬੋਰਡ ਤੋਂ ਸੰਵੇਦਨਸ਼ੀਲ ਜਾਣਕਾਰੀਆਂ ਲੁਕਾਈਆਂ ਗਈਆਂ।

- ਪਾਰਿਖ ਨੇ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਬੋਰਡ ਦੇ ਸਾਹਮਣੇ ਵੱਡੀ ਡੀਲ ਦੇ ਅੰਕੜੇ ਤੇ ਮਹੱਤਵਪੂਰਣ ਵਿੱਤੀ ਜਾਣਕਾਰੀਆਂ ਨਹੀਂ ਰੱਖੀਆਂ ਗਈਆਂ ਜਾਣ।