ਨਵੀਂ ਦਿੱਲੀ (ਏਜੰਸੀ) : ਦਿੱਗਜ ਆਈਟੀ ਫਰਮ ਇੰਫੋਸਿਸ ਨੇ ਆਪਣੇ ਸਿਖਰਲੇ ਅਧਿਕਾਰੀਆਂ 'ਤੇ ਲੱਗੇ ਵਿੱਤੀ ਬੇਨਿਯਮੀਆਂ ਤੇ ਅਨੈਤਿਕ ਕਾਰੋਬਾਰੀ ਵਿਵਹਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਪਾਇਆ ਹੈ। ਵਿ੍ਹਸਲਬਲੋਅਰ ਦੀ ਸ਼ਿਕਾਇਤ ਤੋਂ ਬਾਅਦ ਕੰਪਨੀ ਦੇ ਬੋਰਡ ਦੀ ਆਡਿਟ ਕਮੇਟੀ ਮਾਮਲੇ ਦੀ ਸੁਤੰਤਰ ਜਾਂਚ ਕਰ ਰਹੀ ਸੀ। ਵਿ੍ਹਸਲਬਲੋਅਰ ਨੇ ਸੀਈਓ ਸਲਿਲ ਪਾਰਿਖ ਤੇ ਸੀਐੱਫਓ ਨਿਲੰਜਨ ਰਾਏ 'ਤੇ ਅਨੈਤਿਕ ਕਾਰੋਬਾਰੀ ਸਰਗਰਮੀਆਂ ਦਾ ਦੋਸ਼ ਲਗਾਇਆ ਸੀ।

ਆਡਿਟ ਕਮੇਟੀ ਦੇ ਚੇਅਰਪਰਸਨ ਡੀ ਸੁੰਦਰਮ ਨੇ ਕਿਹਾ, 'ਆਡਿਟ ਕਮੇਟੀ ਨੇ ਵਿ੍ਹਸਲਬਲੋਅਰ ਦੀਆਂ ਸ਼ਿਕਾਇਤਾਂ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਤੇ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ। ਇਸ ਵਿਚ ਸੁਤੰਤਰ ਕਾਨੂੰਨੀ ਸਲਾਹਕਾਰਾਂ ਦੀ ਮਦਦ ਲਈ ਗਈ। ਜਾਂਚ 'ਚ ਆਡਿਟ ਕਮੇਟੀ ਨੂੰ ਅਜਿਹੀ ਕਿਸੇ ਸਰਗਰਮੀ ਦੇ ਸਬੂਤ ਨਹੀਂ ਮਿਲੇ।' ਪਿਛਲੇ ਸਾਲ ਅਕਤੂਬਰ 'ਚ ਵਿ੍ਹਸਲਬਲੋਅਰ ਨੇ ਕੰਪਨੀ ਦੇ ਪ੍ਰਮੁੱਖ ਅਧਿਕਾਰੀਆਂ 'ਤੇ ਦੋਸ਼ ਲਗਾਏ ਸਨ। ਸ਼ਿਕਾਇਤਾਂ ਦੀ ਜਾਂਚ ਲਈ ਆਡਿਟ ਕਮੇਟੀ ਨੇ ਸ਼ਾਰਦੁਲ ਅਮਰਚੰਦ ਮੰਗਲਦਾਸ ਐਂਡ ਕੰਪਨੀ ਤੇ ਪਰਾਈਸਵਾਟਰਹਾਊਸ ਕੂਪਰਸ ਤੋਂ ਸੁਤੰਤਰ ਕਾਨੂੰਨੀ ਸਲਾਹ ਲਈ ਸੀ। ਇਨਫੋਸਿਸ ਦੇ ਚੇਅਰਮੈਨ ਨੰਦਨ ਨੀਲੇਕਨੀ ਨੇ ਕਿਹਾ ਕਿ ਸੀਈਓ ਸਲਿਲ ਪਾਰਿਖ ਤੇ ਸੀਐੱਫਓ ਨਿਲੰਜਨ ਰਾਏ ਕੰਪਨੀ ਦੀ ਖੁਸ਼ਹਾਲ ਵਿਰਾਸਤ ਨੂੰ ਬਿਹਤਰ ਤਰੀਕੇ ਨਾਲ ਸੰਭਾਲਿਆ ਹੈ। ਨੀਲੇਕਨੀ ਨੇ ਸਲਿਲ ਪਾਰਿਖ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੰਗਠਨ 'ਚ ਨਵੀਂ ਜਾਨ ਪਾਉਣ ਦਾ ਕੰਮ ਕੀਤਾ ਹੈ ਤੇ ਕੰਪਨੀ ਬੋਰਡ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਪੂਰੀ ਤਰ੍ਹਾਂ ਭਰੋਸੇ 'ਚ ਹੈ।