ਨਵੀਂ ਦਿੱਲੀ, ਪੰਜਾਬੀ ਜਾਗਰਣ ਸਪੈਸ਼ਲ : ਵੈਨੇਜ਼ੁਏਲਾ ਦਾ ਆਰਥਿਕ ਸੰਕਟ ਅੱਜ ਦੀ ਤਰੀਕ 'ਚ ਕਿਸੇ ਤੋਂ ਲੁਕਿਆ ਨਹੀਂ ਹੈ। ਹਾਲਤ ਇਹ ਹੈ ਕਿ ਉੱਥੇ ਲੋਕਾਂ ਨੂੰ ਖਾਣ ਦੇ ਲਾਲੇ ਪੈ ਰਹੇ ਹਨ। ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉੱਥੇ ਭੁੱਖਮਰੀ ਦੀ ਹਾਲਤ ਇਹ ਹੈ ਕਿ ਇਕ ਕਿਲੋ ਚੌਲ ਲਈ ਲੋਕ ਇਕ ਦੂਜੇ ਦੀ ਹੱਤਿਆ ਕਰਨ ਤੋਂ ਵੀ ਨਹੀਂ ਚੂਕ ਰਹੇ। ਏਨਾ ਸਭ ਹੋਣ ਦੇ ਬਾਅਦ ਵੀ ਉੱਥੇ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਅੰਤਰਰਾਸ਼ਟਰੀ ਮਦਦ ਨੂੰ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਭਿਖਾਰੀ ਨਹੀਂ ਹੈ। ਇਹ ਹਾਲ ਤਦੋਂ ਹੈ ਜਦੋਂ ਆਰਥਿਕ ਤੌਰ 'ਤੇ ਬਦਹਾਲੀ ਦਾ ਸਾਹਮਣਾ ਕਰ ਰਹੇ ਵੈਨੇਜ਼ੁਏਲਾ 'ਚ ਮੁਦਰਾ ਪਸਾਰੇ ਦੀ ਦਰ 13 ਲੱਖ ਫੀਸਦੀ ਤਕ ਵੱਧ ਚੁੱਕੀ ਹੈ।

ਅਸਮਾਨ ਛੂਹ ਰਹੀ ਮਹਿੰਗਾਈ

ਹਾਲੀਆ ਵੈਨੇਜ਼ੁਏਲਾ ਦੀ ਮਾਰਕੀਟ 'ਚ ਇਕ ਕਿਲੋ ਚਿਕਨ ਦੀ ਕੀਮਤ ਕਰੀਬ 10277 ਰੁਪਏ, ਕਿਸੇ ਰੈਸਟੋਰੈਂਟ 'ਚ ਸਾਧਾਰਨ ਖਾਣਾ 34 ਹਜ਼ਾਰ ਰੁਪਏ, 5 ਹਜ਼ਾਰ ਰੁਪਏ ਲੀਟਰ ਤੋਂ ਵੱਧ ਦਾ ਦੁੱਧ, 6535 ਰੁਪਏ 'ਚ ਇਕ ਦਰਜਨ ਆਂਡੇ, 11 ਹਜ਼ਾਰ ਰੁਪਏ ਕਿਲੋ ਟਮਾਟਰ, 16 ਹਜ਼ਾਰ ਰੁਪਏ ਮੱਖਣ, 17 ਹਜ਼ਾਰ ਰੁਪਏ ਕਿਲੋ ਆਲੂ, 95 ਹਜ਼ਾਰ ਰੈੱਡ ਟੇਬਲ ਵਾਈਨ, 12 ਹਜ਼ਾਰ 'ਚ ਘਰੇਲੂ ਬੀਅਰ ਤੇ 6 ਹਜ਼ਾਰ ਰੁਪਏ 'ਚ ਕੋਕਾ ਕੋਲਾ ਦੀ ਦੋ ਲੀਟਰ ਬੋਤਲ ਮਿਲ ਰਹੀ ਹੈ।

ਠੁਕਰਾਈ ਅੰਤਰਰਾਸ਼ਟਰੀ ਮਦਦ

ਇਸਦੇ ਬਾਵਜੂਦ ਅਮਰੀਕਾ ਤੋਂ ਸਹਾਇਤਾ ਸਮੱਗਰੀ ਲੈ ਕੇ ਆ ਰਹੇ ਜਹਾਜ਼ ਨੂੰ ਵੈਨੇਜ਼ੁਏਲਾ ਆਉਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ। ਇਹ ਜਹਾਜ਼ ਹਾਲੇ ਕੋਲੰਬੀਆ ਦੇ ਕੁਕੁਟਾ 'ਚ ਹੈ। ਮਾਦੁਰੋ ਨੇ ਜਹਾਜ਼ ਨੂੰ ਪ੍ਰਵੇਸ਼ ਤੋਂ ਰੋਕਣ ਦਾ ਸੰਕਲਪ ਪ੍ਰਗਟਾਇਆ ਹੈ। ਉਨ੍ਹਾਂ ਨੇ ਇਸਨੂੰ ਅਮਰੀਕੀ ਹਮਲਾਵਰ ਦਾ ਦੂਤ ਦੱਸਿਆ। ਇੱਥੇ ਇਹ ਵੀ ਧਿਆਨ 'ਚ ਰੱਖਣ ਵਾਲੀ ਗੱਲ ਹੈ ਕਿ ਮਾਦੁਰੋ ਸਰਕਾਰ ਨੇ ਅੰਤਰਰਾਸ਼ਟਰੀ ਸਹਾਇਤਾ ਨੂੰ ਰੋਕਣ ਲਈ ਕੋਲੰਬੀਆ-ਵੈਨੇਜ਼ੁਏਲਾ ਸਰਹੱਦ 'ਤੇ ਬਣੇ ਉਸ ਪੁੱਲ ਨੂੰ ਰੋਕ ਦਿੱਤਾ ਹੈ ਜੋ ਸਪਲਾਈ ਦਾ ਇਕ ਪ੍ਰਮੁੱਖ ਬਿੰਦੂ ਹੈ। ਰਾਸ਼ਟਰਪਤੀ ਮਾਦੁਰੋ ਨੇ ਅੰਤਰਰਾਸ਼ਟਰੀ ਸਹਿਯੋਗ ਠੁਕਰਾਉਂਦੇ ਹੋਏ ਇੱਥੋਂ ਤਕ ਕਹਿ ਦਿੱਤਾ ਹੈ ਕਿ ਮਾਨਵਤਾ ਦੇ ਦਿਖਾਵੇ ਦੇ ਨਾਂ 'ਤੇ ਹੋ ਰਹੀ ਮਦਦ ਨੂੰ ਅਸੀਂ ਕਦੇ ਵੀ ਸਵੀਕਾਰ ਨਹੀਂ ਕਰਾਂਗੇ। ਵੈਨੇਜ਼ੁਏਲਾ 'ਚ ਮਾਨਵਤਾ 'ਤੇ ਸੰਕਟ ਦਾ ਝੂਠਾ ਪ੍ਰਚਾਰ ਪਿਛਲੇ ਚਾਰ ਸਾਲਤੋਂ ਕੀਤਾ ਜਾ ਰਿਹਾ ਹੈ। ਪਰ ਇੱਥੇ ਇਸ ਤਰ੍ਹਾਂ ਕੁਝ ਵੀ ਨਹੀਂ ਹੈ। ਉਨ੍ਹਾਂ ਨੇ ਇਸਦੇ ਲਈ ਅਮਰੀਕਾ 'ਤੇ ਦੋਸ਼ ਲਗਾਉਂਦੇ ਕਿਹਾ ਕਿ ਉਹ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਦੇ ਰਿਹਾ ਹੈ।

ਅਮਰੀਕਾ ਦੀ ਅਪੀਲ

ਹਾਲਾਂਕਿ ਅਮਰੀਕਾ ਨੇ ਮਾਦੁਰੋ ਦੇ ਸਾਰੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਵੈਨੇਜ਼ੁਏਲਾ ਤੋਂ ਪੁੱਲ ਖੋਲ੍ਹਣ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਟਵੀਟ ਕਰ ਕੇ ਕਿਹਾ ਕਿ ਮਾਦੁਰੋ ਸਰਕਾਰ ਨੂੰ ਮਾਨਵੀ ਸਹਾਇਤਾ ਭੁੱਖੇ ਲੋਕਾਂ ਤਕ ਪਹੁੰਚਣ ਦੇਣੀ ਚਾਹੀਦੀ ਹੈ। ਇਸ ਸਮੇਂ ਵੈਨੇਜ਼ੁਏਲਾ ਦੀ ਸਥਿਤੀ ਕਾਫੀ ਗੰਭੀਰ ਹਨ ਅਤੇ ਉੱਥੇ ਭੁੱਖੇ, ਬਿਮਾਰ ਲੋਕਾਂ ਨੂੰ ਤੱਤਕਾਲ ਸਹਾਇਤਾ ਦੀ ਲੋੜ ਹੈ। ਇਸ ਦੌਰਾਨ ਅਮਰੀਕਾ ਨੇ ਯੂਐੱਨ ਦੀ ਸੁਰੱਖਿਆ ਪ੍ਰੀਸ਼ਦ 'ਚ ਇਕ ਖਰੜਾ ਮਤਾ ਪੇਸ਼ ਕਰਨ ਦੀ ਗੱਲ ਕਹੀ ਹੈ। ਇਸ ਮਤੇ 'ਚ ਵੈਨੇਜ਼ੁਏਲਾ 'ਚ ਅੰਤਰਰਾਸ਼ਟਰੀ ਮਦਦ ਪਹੁੰਚਾਉਣ ਲਈ ਸਾਰੇ ਦੇਸ਼ਾਂ ਨੂੰ ਇਕੱਠੇ ਆਉਣ ਦੀ ਮੰਗ ਕੀਤੀ ਹੈ।

ਆਪਣੇ ਹੀ ਛੱਡ ਰਹੇ ਸਾਥ

ਤੁਹਾਨੂੰ ਦੱਸਦੇ ਹਾਂ ਕਿ ਇਸ ਸਮੇਂ ਵੈਨੇਜ਼ੁਏਲਾ ਨਾ ਸਿਰਫ ਆਰਥਿਕ ਸੰਕਟ ਬਲਕਿ ਸਿਆਸੀ ਸੰਕਟ ਤੋਂ ਵੀ ਲੰਘ ਰਿਹਾ ਹੈ। ਉੱਥੇ ਮਾਦੁਰੋ ਦੇ ਇਲਾਵਾ ਵਿਰੋਧੀ ਨੇਤਾ ਜੁਆਨ ਗੁਏਦੋ ਨੇ ਵੀ ਖੁਦ ਨੂੰ ਰਾਸ਼ਟਰਪਤੀ ਐਲਾਨ ਦਿੱਤਾ ਹੈ। ਇਸਦੇ ਇਲਾਵਾ ਉਹ ਉਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ ਜਿਹੜੇ ਮਾਦੁਰੋ ਨੂੰ ਹਮਾਇਤ ਦੇ ਰਹੇ ਹਨ। ਇਨ੍ਹਾਂ 'ਚ ਚੀਨ ਵੀ ਸ਼ਾਮਲ ਹੈ ਜਿੱਥੋਂ ਦੀ ਗੁਏਦੋ ਨੇ ਪਿਛਲੇ ਹਫਤੇ ਹੀ ਯਾਤਰਾ ਕੀਤੀ ਸੀ। ਉੱਥੇ ਦੂਜੇ ਪਾਸੇ ਕਈ ਪੱਛਮੀ ਦੇਸ਼ ਗੁਏਦੋ ਨੂੰ ਹਮਾਇਤ ਦਾ ਐਲਾਨ ਕਰ ਚੁੱਕੇ ਹਨ। ਇਸਦੇ ਇਲਾਵਾ ਮਾਦੁਰੋ ਨੇ ਅੰਤਰਰਾਸ਼ਟਰੀ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇਗੀ ਅਤੇ ਵੈਨੇਜ਼ੁਏਲਾ ਦੇ ਲੋਕਾਂ ਨੂੰ ਮਦਦ ਮਿਲ ਸਕੇਗੀ। ਪਰ ਇਸ ਤਰ੍ਹਾਂ ਮਾਦੁਰੋ ਦੀ ਸਿਆਸੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਏਨਾ ਹੀ ਨਹੀਂ ਮਾਦੁਰੋ ਦਾ ਸਾਥ ਹੁਣ ਉਨ੍ਹਾਂ ਦੇ ਹੀ ਲੋਖ ਛੱਡਣ ਲੱਗੇ ਹਨ। ਇਸਦੇ ਇਲਾਵਾ ਮਾਦੁਰੋ ਨੇ ਦੇਸ਼ 'ਚ ਆਮ ਚੋਣਾਂ ਦਾ ਅਲਟੀਮੇਟਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਕਿਤੇ ਛਿੜ ਨਾ ਜਾਵੇ ਖਾਨਾਜੰਗੀ

ਹਾਲੀਆ ਵੈਨੇਜ਼ੁਏਲਾ ਦੀ ਫੌਜ 'ਚ ਡਾਕਟਰ ਕਰਨਲ ਰੁਬੇਨ ਪਾਜ ਜਿਮੇਨੇਜ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੋਂ ਆਪਣੀ ਵਫਾਦਾਰੀ ਖਤਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਏਡੋ ਦੀ ਹਮਾਇਤ ਕੀਤੀ ਹੈ। ਕਰਨਲ ਨੇ ਸ਼ਨਿਚਰਵਾਰ ਨੂੰ ਜਾਰੀ ਇਕ ਵੀਡੀਓ 'ਚ ਕਿਹਾ ਕਿ ਆਰਮਡ ਦਸਤਿਆਂ 'ਚ 90 ਫੀਸਦੀ ਲੋਕਅਸਲ 'ਚ ਨਾਖੁਸ਼ ਹਨ। ਅਸੀਂ ਉਨ੍ਹਾਂ ਨੂੰ ਸੱਤਾ 'ਚ ਬਣਾਏ ਰੱਖਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਸਾਥੀ ਫੌਜੀਆਂ ਨੂੰ ਵੈਨੇਜ਼ੁਏਲਾ ਨੂੰ ਮਾਨਵੀ ਸਹਾਇਤਾ ਦੇਣ 'ਚ ਮਦਦ ਦੇਣ ਦੀ ਅਪੀਲ ਕੀਤੀ। ਇਸ ਤੋਂ ਕਰੀਬ ਇਕ ਹਫਤਾ ਪਹਿਲਾਂ ਹੀ ਹਵਾਈ ਫੌਜ ਜਨਰਲ ਫ੍ਰਾਂਸਿਸਕੋ ਯਾਨੇਜ ਨੇ ਵੀ ਮਾਦੁਰੋ ਤੋਂ ਆਪਣੀ ਵਫ਼ਾਦਾਰੀ ਖਤਮ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਵੈਨੇਜ਼ੁਏਲਾ 'ਚ ਸੱਤਾ 'ਚ ਰਹਿਣ ਲਈ ਫੌਜ ਦੀ ਹਮਾਇਤ ਮਹੱਤਵਪੂਰਣ ਹੁੰਦੀ। ਪਰ ਇਨ੍ਹਾਂ ਸਾਰਿਆਂ 'ਚ ਇਹ ਬਹੁਤ ਸਾਫ਼ ਹੈ ਕਿ ਵੈਨੇਜ਼ੁਏਲਾ ਦਾ ਸਿਆਸੀ ਸੰਕਟ ਜੇਕਰ ਛੇਤੀ ਖਤਮ ਨਹੀਂ ਹੋਇਆ ਤਾਂ ਉੱਥੇ ਖਾਨਾਜੰਗੀ ਦੀ ਸਥਿਤੀ ਵੀ ਆ ਸਕਦੀ ਹੈ।

Posted By: Seema Anand