ਰੋਹਿਤ ਜੰਡਿਆਲ, ਜੰਮੂ : ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਜੰਮੂ-ਕਸ਼ਮੀਰ ਲਈ ਆਉਣ ਵਾਲੇ ਦਿਨ ਰੁਜ਼ਗਾਰ ਦੇ ਨਵੇਂ ਮੌਕੇ ਲੈ ਕੇ ਆਉਣਗੇ। ਹੁਣ ਤਕ ਧਾਰਾ 370 ਕਾਰਨ ਜੰਮੂ-ਕਸ਼ਮੀਰ 'ਚ ਆਉਣ ਤੋਂ ਕਤਰਾਉਣ ਵਾਲੇ ਵੱਡੇ ਸਨਅਤੀ ਘਰਾਣੇ ਇੱਥੇ ਨਿਵੇਸ਼ ਕਰਨ ਲਈ ਉਤਾਵਲੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਪਿੱਛੋਂ ਕਈਆਂ ਨੇ ਤਾਂ ਨਿਵੇਸ਼ ਦਾ ਐਲਾਨ ਵੀ ਕਰ ਦਿੱਤਾ ਹੈ ਤੇ ਕਈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਪੈਕੇਜ ਦੀ ਉਡੀਕ ਕਰ ਰਹੇ ਹਨ। ਸੂਬਾ ਪ੍ਰਸ਼ਾਸਨ ਸਨਅਤਕਾਰਾਂ ਨੂੰ ਲੁਭਉਣ ਲਈ ਜੰਮੂ-ਕਸ਼ਮੀਰ 'ਚ 12-14 ਅਕਤੂਬਰ ਨੂੰ ਆਲਮੀ ਨਿਵੇਸ਼ਕ ਸੰਮੇਲਨ ਵੀ ਕਰਨ ਜਾ ਰਿਹਾ ਹੈ। ਉਮੀਦ ਹੈ ਕਿ ਇਸ ਨਾਲ ਸੂਬੇ ਵਿਚ ਨਿਵੇਸ਼ ਦੇ ਰਾਹ ਖੁੱਲ੍ਹਣਗੇ। ਵੱਡੀਆਂ ਕੰਪਨੀਆਂ ਦੀ ਦਸਤਕ ਨਾਲ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ 'ਚ ਵੀ ਉਮੀਦ ਦੀ ਨਵੀਂ ਕਿਰਨ ਜਾਗੀ ਹੈ।

ਇਹ ਕੰਪਨੀਆਂ ਨਿਵੇਸ਼ ਦਾ ਕਰ ਚੁੱਕੀਆਂ ਹਨ ਐਲਾਨ

ਧਾਰਾ 370 ਹਟਣ ਤੋਂ ਤੁਰੰਤ ਬਾਅਦ ਪੰਜਾਬ ਆਧਾਰਿਤ 'ਟ੍ਰਾਈਡੈਂਟ' ਨੇ ਜੰਮੂ-ਕਸ਼ਮੀਰ ਦੇ ਦਸ ਹਜ਼ਾਰ ਪਰਿਵਾਰਾਂ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਹੈ। ਉਧਰ 'ਪਾਲਿਸੀ ਬਾਜ਼ਾਰ' ਨੇ ਚਾਰ ਹਜ਼ਾਰ ਰੁਜ਼ਗਾਰ ਦੇ ਮੌਕੇ ਦੇਣ ਦੀ ਗੱਲ ਕੀਤੀ ਹੈ। ਏਸੇ ਤਰ੍ਹਾਂ 'ਉਦੈ ਕੋਟਕ' ਨੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਵਾਅਦਾ ਕੀਤਾ ਹੈ। 'ਅਮੂਲ ਇੰਡੀਆ' ਤੇ ਹੈਲਮੈਟ ਬਣਾਉਣ ਵਾਲੀ 'ਸਟੀਲਵਰਲਡ ਕੰਪਨੀ' ਨੇ ਜੰਮੂ-ਕਸ਼ਮੀਰ 'ਚ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। 'ਰਿਲਾਇੰਸ ਗਰੁੱਪ' ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ 'ਚ ਨਿਵੇਸ਼ ਦੀ ਗੱਲ ਕੀਤੀ ਹੈ। ਕਈ ਹੋਰ ਗਰੁੱਪ ਵੀ ਹਨ ਜੋ ਪਹਿਲਾਂ ਹੀ ਜੰਮੂ-ਕਸ਼ਮੀਰ 'ਚ ਨਿਵੇਸ਼ ਕਰ ਚੁੱਕੇ ਹਨ ਪਰ ਹੁਣ ਵਪਾਰ ਦਾ ਦਾਇਰਾ ਵਧਾਉਣਾ ਚਾਹੁੰਦੇ ਹਨ। ਇਨ੍ਹਾਂ ਵਿਚ 'ਲੇਮ ਟ੍ਰੀ ਗਰੁੱਪ' ਦੀ ਗੁਲਮਰਗ ਤੇ ਸੋਨਮਰਗ 'ਚ ਹੋਟਲ ਬਣਾਉਣ ਦੀ ਤਜਵੀਜ਼ ਹੈ। ਇਸ ਗਰੁੱਪ ਦੇ ਪਹਿਲਾਂ ਹੀ ਸੂਬੇ ਵਿਚ ਤਿੰਨ ਹੋਟਲ ਹਨ। ਇਸ ਤੋਂ ਇਲਾਵਾ ਰੈਡੀਸਨ, ਡਾਬਰ, ਬਰਜਰ ਪੇਂਟ, ਸੰਨ ਫਾਰਮਾ, ਕੈਡਿਲਾ ਵੀ ਇੱਥੇ ਪਹਿਲਾਂ ਹੀ ਹਨ ਪਰ ਹੁਣ ਕਈ ਹੋਰ ਕੰਪਨੀਆਂ ਇੱਥੇ ਆ ਸਕਦੀਆਂ ਹਨ। ਜੰਮੂ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀਜ਼ ਦੇ ਮੁਖੀ ਰਾਕੇਸ਼ ਗੁਪਤਾ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਸਨਅਤ ਆਉਣ ਨਾਲ ਸਭ ਤੋਂ ਜ਼ਿਆਦਾ ਲਾਭ ਇੱਥੇ ਨੌਜਵਾਨਾਂ ਨੂੰ ਹੋਵੇਗਾ।

ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ 'ਤੇ ਹੋਣਗੇ ਰੋਡ ਸ਼ੋਅ

ਇੰਡਸਟ੍ਰੀਜ਼ ਐਂਡ ਕਾਮਰਸ ਵਿਭਾਗ ਦੇ ਪ੍ਰਮੁੱਖ ਸਕੱਤਰ ਨਵੀਨ ਕੁਮਾਰ ਚੌਧਰੀ ਨੇ ਕਿਹਾ ਕਿ 12 ਤੋਂ 14 ਅਕਤੂਬਰ ਨੂੰ ਹੋਣ ਵਾਲੇ ਆਲਮੀ ਨਿਵੇਸ਼ਕ ਸੰਮੇਲਨ ਦੇ ਪ੍ਰਚਾਰ ਲਈ ਕੌਮਾਂਤਰੀ ਪੱਧਰ 'ਤੇ ਦੁਬਈ, ਲੰਡਨ, ਨੀਦਰਲੈਂਡ, ਸਿੰਗਾਪੁਰ ਤੇ ਮਲੇਸ਼ੀਆ 'ਚ ਰੋਡ ਸ਼ੋਅ ਕੀਤੇ ਜਾਣਗੇ। ਦਿੱਲੀ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਚੇਨਈ, ਕੋਲਕਾਤਾ ਤੇ ਅਹਿਮਦਾਬਾਦ 'ਚ ਰਾਸ਼ਟਰੀ ਪੱਧਰ ਦੇ ਰੋਡ ਸ਼ੋਅ ਹੋਣਗੇ।

ਨੌਜਵਾਨਾਂ ਨੂੰ ਉਮੀਦ

ਜੰਮੂ ਯੂਨੀਵਰਸਿਟੀ 'ਚ ਰਾਜਨੀਤੀ ਵਿਗਿਆਨ 'ਚ ਪੋਸਟ ਗ੍ਰੈਜੂਏਸ਼ਨ ਕਰ ਰਹੇ ਦੀਪਕ ਗੁਪਤਾ ਨੇ ਕਿਹਾ ਕਿ ਸਰਕਾਰੀ ਖੇਤਰ 'ਚ ਰੁਜ਼ਗਾਰ ਦੀ ਸੰਭਾਵਨਾ ਬਹੁਤ ਘੱਟ ਹੈ। ਅਜਿਹੀ ਸੂਰਤ 'ਚ ਸਨਅਤਾਂ ਲੱਗਦੀਆਂ ਹਨ ਤਾਂ ਕਈਆਂ ਨੂੰ ਰੁਜ਼ਗਾਰ ਮਿਲੇਗਾ। ਬਿਜ਼ਨਸ ਸਕੂਲ ਵਿਚ ਪੜ੍ਹ ਰਹੇ ਸੁਕੇਸ਼ ਮਹਾਜਨ ਨੇ ਕਿਹਾ ਕਿ ਜਿਸ ਤਰ੍ਹਾਂ ਜੰਮੂ-ਕਸ਼ਮੀਰ 'ਚ ਨਿਵੇਸ਼ ਦੇ ਐਲਾਨ ਹੋ ਰਹੇ ਹਨ ਉਸ ਤੋਂ ਸਾਰਿਆਂ ਨੂੰ ਉਮੀਦ ਦੀ ਕਿਰਨ ਨਜ਼ਰ ਆਈ ਹੈ ਕਿ ਉੱਥੇ ਰੁਜ਼ਗਾਰ ਦੇ ਮੌਕੇ ਵਧਗੇ। ਜੰਮੂ 'ਚ ਪੜ੍ਹ ਰਹੇ ਕਸ਼ਮੀਰ ਦੇ ਬਾਰਾਮੁੱਲਾ ਦੇ ਤਾਰਿਕ ਅਹਿਮਦ ਦਾ ਕਹਿਣਾ ਹੈ ਕਿ ਜੇ ਸਨਅਤਾਂ ਲੱਗਦੀਆਂ ਹਨ ਤਾਂ ਇਸ ਨਾਲ ਸਾਰਿਆਂ ਨੂੰ ਲਾਭ ਹੋਵੇਗਾ।