ਨਵੀਂ ਦਿੱਲੀ (ਏਐੱਨਆਈ) : ਭਾਰਤ ਤੇ ਇਜ਼ਰਾਇਲ ਸਾਂਝੇ ਤੌਰ 'ਤੇ ਕੋਵਿਡ-19 ਦੇ ਰੈਪਿਡ ਟੈਸਟ ਨੂੰ ਵਿਕਸਿਤ ਕਰ ਰਹੇ ਹਨ ਜੋ ਜੇ ਸਫਲ ਰਿਹਾ ਤਾਂ 30 ਸਕਿੰਟਾਂ ਤੋਂ ਵੀ ਘੱਟ ਸਮੇਂ 'ਚ ਨਤੀਜਾ ਦੇ ਦੇਵੇਗਾ। ਇਸ ਦੇ ਟਰਾਇਲ ਦੇ ਤਿੰਨ ਦਿਨ ਪਹਿਲਾਂ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਦੇ ਸਪੈਸ਼ਲ ਟੈਸਟਿੰਗ ਸਥਾਨ 'ਤੇ ਸ਼ੁਰੂ ਹੋਏ ਹਨ।

ਇਸ ਟੈਸਟ ਦੇ ਟਰਾਇਲਜ਼ 'ਚ ਚਾਰ ਵੱਖ-ਵੱਖ ਤਰ੍ਹਾਂ ਦੀਆਂ ਸਾਧਾਰਨ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਇਸ 'ਚ ਵਾਇਸ ਟੈਸਟ (ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਮਰੀਜ਼ ਦੀ ਆਵਾਜ਼ 'ਚ ਬਦਲਾਅ ਦੀ ਪਛਾਣ), ਬ੍ਰੀਥ ਐਨਾਲਾਈਜ਼ਰ ਟੈਸਟ (ਇਸ 'ਚ ਮਰੀਜ਼ ਨੂੰ ਇਕ ਟਿਊਬ 'ਚ ਫੂਕ ਮਾਰਨੀ ਪੈਂਦੀ ਹੈ ਤੇ ਟੈਰਾ ਹਰਟਜ਼ ਵੇਵਜ਼ ਰਾਹੀਂ ਵਾਇਰਸ ਦਾ ਪਤਾ ਲਾਇਆ ਜਾਂਦਾ ਹੈ), ਆਈਸੋਥਰਮਲ ਟੈਸਟਿੰਗ (ਇਸ 'ਚ ਲਾਰ ਦੇ ਨਮੂਨੇ ਤੋਂ ਵਾਇਰਸ ਦੀ ਪਛਾਣ ਦਾ ਪਤਾ ਲਾਇਆ ਜਾਂਦਾ ਹੈ) ਤੇ ਪਾਲੀਏਮੀਨੋ ਟੈਸਟ (ਕੋਵਿਡ-19 ਨਾਲ ਸਬੰਧਤ ਪ੍ਰਰੋਟੀਨ ਨੂੰ ਵੱਖ ਕੀਤਾ ਜਾਂਦਾ ਹੈ) ਸ਼ਾਮਲ ਹੈ। ਭਾਰਤ 'ਚ ਇਜ਼ਰਾਇਲ ਦੇ ਸਫੀਰ ਰੋਨ ਮਲਕਾ ਨੇ ਦੱਸਿਆ, 'ਮਹਾਮਾਰੀ ਫੈਲਣ ਤੋਂ ਬਾਅਦ ਸਾਡੇ ਦੋ ਪ੍ਰਧਾਨ ਮੰਤਰੀਆਂ ਨੇ ਕੁਝ ਵਿਚਾਰਾਂ ਕੀਤੀਆਂ ਸਨ ਤੇ ਸਾਂਝੀ ਖੋਜ ਕਰ ਕੇ ਕੋਵਿਡ-19 ਦਾ ਕੋਈ ਹੱਲ ਲੱਭਣ ਦਾ ਫ਼ੈਸਲਾ ਕੀਤਾ ਸੀ। ਇਸ ਵਿਗਿਆਨਿਕ ਸਹਿਯੋਗ ਨਾਲ ਕੁਝ ਸਕਿੰਟਾਂ 'ਚ ਨਤੀਜਾ ਮਿਲ ਜਾਵੇਗਾ ਤੇ ਜੇ ਸਫਲ ਰਿਹਾ ਤਾਂ ਇਹ ਖੋਜ ਕ੍ਰਾਂਤੀਕਾਰੀ ਹੋਵੇਗਾ।'

ਪ੍ਰਧਾਨ ਮੰਤਰੀ ਦਫ਼ਤਰ 'ਚ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਕੇ. ਵਿਜਯਨ ਰਾਘਵਨ ਨੇ ਕਿਹਾ ਕਿ ਵਿਗਿਆਨ ਤੇ ਤਕਨੀਕ ਲੋਕਾਂ ਤਕ ਪੁੱਜ ਗਈ ਹੈ ਕਿਉਂਕਿ ਇਸ ਨੂੰ ਪਹੁੰਚਾਉਣਾ ਚਾਹੀਦਾ। ਜਨਤਕ ਸਿਹਤ ਲਈ ਜਿਸ ਰਫ਼ਤਾਰ ਨਾਲ ਵਿਗਿਆਨ ਤੇ ਤਕਨੀਕ ਨੇ ਕੰਮ ਕੀਤਾ ਉਹ ਸ਼ਾਨਦਾਰ ਹੈ। ਭਾਰਤ ਤੇ ਇਜ਼ਰਾਇਲ ਵਿਚਾਲੇ ਸਹਿਯੋਗ ਸ਼ਾਨਦਾਰ ਹੈ।