ਜੇਐੱਨਐੱਨ, ਨਵੀਂ ਦਿੱਲੀ : ਸਿੱਕਮ ਦੇ ਨਾਕੁਲਾ ਇਲਾਕੇ ਵਿਚ ਸਰਹੱਦ ’ਤੇ ਚੀਨੀ ਫ਼ੌਜੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਭਾਰਤੀ ਫ਼ੌਜ ਨੇ ਨਾਕਾਮ ਕਰ ਦਿੱਤਾ ਹੈ। ਚੀਨ ਦੀ ਇਸ ਨਾਕਾਮ ਕੋਸ਼ਿਸ਼ ਦੌਰਾਨ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਟਕਰਾਅ ਹੋਇਆ, ਜਿਸ ਵਿਚ ਦੋਵਾਂ ਧਿਰਾਂ ਦੇ ਕੁਝ ਫ਼ੌਜੀ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ ਹਨ। ਹਾਲਾਂਕਿ ਭਾਰਤੀ ਫ਼ੌਜ ਨੇ ਸਰਹੱਦ ’ਤੇ ਹੋਏ ਇਸ ਟਕਰਾਅ ਨੂੰ ਮਾਮੂਲੀ ਝੜਪ ਦੱਸਦੇ ਹੋਏ ਕਿਹਾ ਕਿ ਸਥਾਨਕ ਫ਼ੌਜੀ ਕਮਾਂਡਰਾਂ ਦੇ ਪੱਧਰ ’ਤੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।

ਪੂਰਬੀ ਲੱਦਾਖ ਤੋਂ ਬਾਅਦ ਸਿੱਕਮ ਨਾਲ ਲੱਗਦੀ ਸਰਹੱਦ ’ਤੇ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਟਕਰਾਅ ਦਾ ਇਹ ਤਾਜ਼ਾ ਮਾਮਲਾ 20 ਜਨਵਰੀ ਦਾ ਹੈ। ਸੂਤਰਾਂ ਦੇ ਮੁਤਾਬਕ, ਨਾਕੁਲਾ ਦੇ ਲਾਗੇ ਚੀਨੀ ਫ਼ੌਜੀਆਂ ਨੇ ਸਰਹੱਦ ’ਤੇ ਕਬਜ਼ਾ ਕਰਨਾ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਫ਼ੌਜੀਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਹੀਂ ਮੰਨੇ ਤਾਂ ਭਾਰਤੀ ਫ਼ੌਜੀਆਂ ਨੇ ਉਨ੍ਹਾਂ ਨੂੰ ਪੂਰੀ ਤਾਕਤ ਨਾਲ ਰੋਕਿਆ। ਇਸਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਝੜਪ ਵੀ ਹੋਈ ਪਰ ਇਸ ’ਚ ਕੋਈ ਗੋਲ਼ੀ ਨਹੀਂ ਚੱਲੀ। ਦੱਸਦੇ ਹਨ ਕਿ 20 ਚੀਨੀ ਫ਼ੌਜੀ ਜ਼ਖ਼ਮੀ ਹੋਏ ਹਨ ਅਤੇ ਕੁਝ ਭਾਰਤੀ ਫ਼ੌਜੀਆਂ ਦੇ ਵੀ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਨਾਕੁਲਾ ਵਿਚ ਭਾਰਤ ਅਤੇ ਚੀਨੀ ਫ਼ੌਜੀਆਂ ਦੀ ਟੱਕਰ ਦੀ ਇਸ ਤਾਜ਼ਾ ਘਟਨਾ ’ਤੇ ਸੋਮਵਾਰ ਨੂੰ ਫ਼ੌਜ ਨੇ ਸੰਖੇਪ ਬਿਆਨ ਵਿਚ ਸਾਫ਼ ਕੀਤਾ ਕਿ ਸਿੱਕਮ ਸੈਕਟਰ ਵਿਚ ਦੋਵਾਂ ਫ਼ੌਜਾਂ ਵਿਚਾਲੇ 20 ਜਨਵਰੀ ਨੂੰ ਹੋਇਆ ਇਹ ਟਕਰਾਅ ਮਾਮੂਲੀ ਸੀ। ਸਥਾਨਕ ਕਮਾਂਡਰਾਂ ਨੇ ਆਪਣੇ ਪੱਧਰ ’ਤੇ ਤੈਅ ਪ੍ਰੋਟੋਕਾਲ ਦੇ ਹਿਸਾਬ ਨਾਲ ਇਸ ਮਾਮਲੇ ਨੂੰ ਸੁਲਝਾ ਲਿਆ। ਫ਼ੌਜ ਨੇ ਇਹ ਵੀ ਕਿਹਾ ਕਿ ਮੀਡੀਆ ਨੂੰ ਇਸ ਬਾਰੇ ਵਧਾ-ਚੜ੍ਹਾਅ ਕੇ ਰਿਪੋਰਟਾਂ ਪੇਸ਼ ਕਰਨ ਤੋਂ ਬਚਣਾ ਚਾਹੀਦਾ।

ਨਾਕੁਲਾ ਦੀ ਟੱਕਰ ਤੋਂ ਬਾਅਦ ਵੀ ਸਰਹੱਦ ’ਤੇ ਜਾਰੀ ਤਣਾਅ ਦਾ ਹੱਲ ਕੱਢਣ ਲਈ ਦੋਵਾਂ ਦੇਸ਼ਾਂ ਦੀ ਪਹਿਲ ਟਰੈਕ ਤੋਂ ਉਤਰੀ ਨਹੀਂ ਹੈ। ਇਸ ਟੱਕਰ ਦੇ ਤਿੰਨ ਦਿਨ ਬਾਅਦ 24 ਜਨਵਰੀ ਨੂੰ ਪੂਰਬੀ ਲੱਦਾਖ ਵਿਚ ਦੋਵਾਂ ਦੇਸ਼ਾਂ ਦੇ ਫ਼ੌਜੀ ਕਮਾਂਡਰਾਂ ਵਿਚਾਲੇ ਸਰਹੱਦੀ ਟਕਰਾਅ ਦਾ ਹੱਲ ਕੱਢਣ ਨੂੰ ਲੈ ਕੇ ਨੌਵੇਂ ਦੌਰ ਦੀ ਵਾਰਤਾ ਵੀ ਹੋਈ। ਨਾਕੁਲਾ ਵਿਚ ਚੀਨੀ ਫ਼ੌਜੀਆਂ ਨੂੰ ਰੋਕਣ ਦੀ ਘਟਨਾ ਤੋਂ ਸਾਫ਼ ਹੈ ਕਿ ਪੂਰਬੀ ਲੱਦਾਖ ਵਿਚ ਪਿਛਲੇ ਸਾਲ ਮਈ ਵਿਚ ਹੋਈ ਚੀਨੀ ਘੁਸਪੈਠ ਦੀਆਂ ਕੋਸ਼ਿਸਾਂ ਤੋਂ ਬਾਅਦ ਤੋਂ ਹੀ ਚੀਨ ਨਾਲ ਲੱਗਦੀ ਪੂਰੀ ਸਰਹੱਦ ’ਤੇ ਭਾਰਤੀ ਫ਼ੌਜ ਪੂਰੀ ਤਰ੍ਹਾਂ ਚੌਕਸ ਤੇ ਮੁਸਤੈਦ ਹੈ। ਲੰਘੇ ਸਾਲ 15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਘੁਸਪੈਠ ਰੋਕਣ ਦੇ ਦੌਰਾਨ ਭਾਰਤੀ ਫ਼ੌਜੀਆਂ ਦਾ ਪੀਐੱਲਏ ਫ਼ੌਜੀਆਂ ਨਾਲ ਖ਼ੂਨੀ ਸੰਘਰਸ਼ ਹੋਇਆ ਸੀ, ਇਸ ਵਿਚ ਕਰਨਲ ਸੰਤੋਸ਼ ਬਾਬੂ ਸਮੇਤ 20 ਭਾਰਤੀ ਫ਼ੌਜੀ ਸ਼ਹੀਦ ਹੋਏ ਸਨ। ਕਈ ਚੀਨੀ ਫ਼ੌਜੀ ਵੀ ਇਸ ਸੰਘਰਸ਼ ਵਿਚ ਮਾਰੇ ਗਏ ਸਨ ਪਰ ਚੀਨ ਨੇ ਅੱਜ ਤਕ ਇਨ੍ਹਾਂ ਦੀ ਪਛਾਣ ਅਤੇ ਗਿਣਤੀ ਨੂੰ ਉਜਾਗਰ ਨਹੀਂ ਕੀਤੀ ਹੈ।

Posted By: Susheel Khanna