ਨਵੀਂ ਦਿੱਲੀ (ਪੀਟੀਆਈ) : ਚੀਨ ਨੂੰ ਪੂਰਬੀ ਲੱਦਾਖ ਵਿਚ ਟਕਰਾਅ ਦੇ ਸਾਰੇ ਬਿੰਦੂਆਂ ਤੋਂ ਆਪਣੀਆਂ ਫ਼ੌਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਸਰਹੱਦ 'ਤੇ ਇਕਤਰਫਾ ਤਰੀਕੇ ਨਾਲ ਪਹਿਲਾਂ ਵਾਲੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਉਸ ਨੂੰ ਨਹੀਂ ਕਰਨੀ ਚਾਹੀਦੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇਹ ਗੱਲ ਕਹੀ।

ਸ਼੍ਰੀਵਾਸਤਵ ਨੇ ਕਿਹਾ ਹੈ ਕਿ ਦੋਵਾਂ ਪੱਖਾਂ ਨੂੰ ਤਣਾਅ ਘੱਟ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਤਣਾਅ ਵਧਾਉਣ ਵਾਲੀ ਕਿਸੇ ਵੀ ਸਰਗਰਮੀ ਤੋਂ ਬੱਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ 'ਤੇ ਤਿੰਨ ਵਾਰ ਉਕਸਾਵੇ ਵਾਲੀ ਹਰਕਤ ਕੀਤੀ ਹੈ। ਵਾਸਤਵਿਕ ਕੰਟਰੋਲ ਰੇਖਾ (ਐੱਲਏਸੀ) 'ਤੇ 45 ਸਾਲਾਂ ਵਿਚ ਪਹਿਲੀ ਵਾਰ ਗੋਲ਼ੀਆਂ ਚੱਲੀਆਂ ਹਨ। ਸ਼੍ਰੀਵਾਸਤਵ ਨੇ ਕਿਹਾ ਕਿ ਚੀਨੀ ਪੱਖ ਨੂੰ ਜਲਦ ਤੋਂ ਜਲਦ ਸਰਹੱਦ 'ਤੇ ਤਣਾਅ ਖ਼ਤਮ ਕਰਨ ਲਈ ਗੰਭੀਰਤਾ ਨਾਲ ਕਦਮ ਉਠਾਉਣਾ ਚਾਹੀਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਚੀਨ ਐੱਲਏਸੀ ਦਾ ਸਨਮਾਨ ਕਰੇਗਾ ਅਤੇ ਇਕਤਰਫ਼ਾ ਤਰੀਕੇ ਨਾਲ ਪਹਿਲਾਂ ਵਾਲੀ ਸਥਿਤੀ ਨੂੰ ਬਦਲਣ ਦਾ ਦੁਬਾਰਾ ਯਤਨ ਨਹੀਂ ਕਰੇਗਾ। ਉਨ੍ਹਾਂ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਅਤੇ ਵਿਦੇਸ਼ ਮੰਤਰੀਆਂ ਵਿਚਕਾਰ ਮਾਸਕੋ ਵਿਚ ਹੋਈਆਂ ਮੁਲਾਕਾਤਾਂ ਵਿਚ ਸਹਿਮਤੀ ਬਣਨ ਦਾ ਵੀ ਜ਼ਿਕਰ ਕੀਤਾ। ਸ਼੍ਰੀਵਾਸਤਵ ਨੇ ਕਿਹਾ ਕਿ ਦੋਵਾਂ ਪੱਖਾਂ ਵਿਚ ਐੱਲਏਸੀ 'ਤੇ ਸਥਿਤੀ ਸਾਧਾਰਨ ਕਰਨ 'ਤੇ ਸਹਿਮਤੀ ਬਣੀ ਹੈ।

ਸ਼੍ਰੀਵਾਸਤਵ ਨੇ ਚੀਨੀ ਕੰਪਨੀ ਝੇਨਹੂਆ ਡਾਟਾ ਵੱਲੋਂ 10 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਦੀ ਜਾਸੂਸੀ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਨੈਸ਼ਨਲ ਸਾਈਬਰ ਸਕਿਓਰਿਟੀ ਕੋ-ਆਰਡੀਨੇਟਰ ਦੀ ਪ੍ਰਧਾਨਗੀ ਵਿਚ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ 30 ਦਿਨਾਂ ਵਿਚ ਜਾਂਚ ਕਰ ਕੇ ਰਿਪੋਰਟ ਸੌਂਪੇਗੀ। ਸ਼੍ਰੀਵਾਸਤਵ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਸ ਮਸਲੇ ਨੂੰ ਚੀਨ ਦੇ ਸਾਹਮਣੇ ਵੀ ਚੁੱਕਿਆ ਹੈ। ਦੋਸ਼ ਹੈ ਕਿ ਇਸ ਕੰਪਨੀ ਨੇ ਦੇਸ਼ ਦੇ ਕਈ ਵੱਡੇ ਰਾਜਨੇਤਾਵਾਂ ਦੀ ਜਾਸੂਸੀ ਕੀਤੀ ਹੈ। ਇਸ ਦੌਰਾਨ ਚੀਨੀ ਦੂਤਘਰ ਦੇ ਬੁਲਾਰੇ ਨੇ ਕਿਹਾ ਹੈ ਕਿ ਝੇਨਹੂਆ ਇਕ ਨਿੱਜੀ ਕੰਪਨੀ ਹੈ ਅਤੇ ਇਸ ਦਾ ਚੀਨ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।