ਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਤੇ ਸਾਬਕਾ ਵਧੀਕ ਸਾਲਿਸਟਰ ਜਨਰਲ ਇੰਦਰਾ ਜੈਸਿੰਘ ਦੇ ਪਤੀ ਆਨੰਦ ਗਰੋਵਰ 'ਤੇ ਸੀਬੀਆਈ ਦਾ ਸ਼ਿਕੰਜਾ ਕੱਸਿਆ ਗਿਆ ਹੈ। ਸੀਬੀਆਈ ਨੇ ਕਰੋੜਾਂ ਰੁਪਏ ਦੇ ਵਿਦੇਸ਼ੀ ਚੰਦੇ ਦੀ ਦੁਰਵਰਤੋਂ ਦੇ ਦੋਸ਼ ਵਿਚ ਘਿਰੇ ਆਨੰਦ ਗਰੋਵਰ ਤੇ ਉਨ੍ਹਾਂ ਦੀ ਐੱਨਜੀਓ 'ਲਾਇਰਜ਼ ਕਲੈਕਟਿਵ' ਵਿਰੁੱਧ ਐੱਫਆਈਆਰ ਦਰਜ ਕਰਦਿਆਂ ਦਿੱਲੀ ਤੇ ਮੁੰਬਈ ਵਿਚ ਪੰਜ ਥਾਵਾਂ 'ਤੇ ਛਾਪਾ ਮਾਰਿਆ। ਗ੍ਰਹਿ ਮੰਤਰਾਲੇ ਨੇ ਲਾਇਰਜ਼ ਕਲੈਕਟਿਵ ਨੂੰ ਮਿਲੇ ਵਿਦੇਸ਼ੀ ਚੰਦੇ ਦੀ ਦੁਰਵਰਤੋਂ ਨੂੰ ਲੈ ਕੇ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ। ਲਾਇਰਜ਼ ਕਲੈਕਟਿਵ ਲੰਬੇ ਸਮੇਂ ਤੋਂ ਐੱਫਸੀਆਰਏ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਵਿਚ ਘਿਰਿਆ ਹੈ। 2016 'ਚ ਗ੍ਰਹਿ ਮੰਤਰਾਲੇ ਦੀ ਟੀਮ ਵੱਲੋਂ ਐੱਨਜੀਓ ਦੇ ਵਹੀ-ਖਾਤਿਆਂ ਦੀ ਜਾਂਚ ਪਿੱਛੋਂ ਬੇਨਿਯਮੀਆਂ ਦਾ ਖ਼ੁਲਾਸਾ ਹੋਇਆ।