ਨਵੀਂ ਦਿੱਲੀ, ਨਈਂ ਦੁਨੀਆ : ਆਪਣੇ ਰੇਲਵੇ ਨੈੱਟਵਰਕ 'ਤੇ ਨਿੱਜੀ ਟਰੇਨਾਂ ਚਲਾਉਣ ਲਈ ਰੇਲਵੇ ਨੇ ਨਿੱਜੀ ਕੰਪਨੀਆਂ ਦੇ ਸਾਹਮਣੇ ਵਿਸ਼ਵ ਪੱਧਰੀ ਸਟੈਂਡਰਡ ਦੀਆਂ ਸ਼ਰਤਾਂ ਰੱਖੀਆਂ ਹਨ। ਨਵੇਂ ਜ਼ਮਾਨੇ ਦੀਆਂ ਇਨ੍ਹਾਂ ਯਾਤਰੀ ਰੇਲਗੱਡੀਆਂ 'ਚ ਇਲੈਕਟ੍ਰਾਨਿਕ ਸਲਾਈਡਿੰਗ ਡੋਰ, ਖਿੜਕੀਆਂ 'ਚ ਸੁਰੱਖਿਅਕ ਦੋਹਰੇ ਕੱਚ, ਯਾਤਰੀਆਂ ਦੀ ਨਿਗਰਾਨੀ ਪ੍ਰਣਾਲੀ, ਸੂਚਨਾਵਾਂ ਤੇ ਮੰਜ਼ਿਲ ਬਾਰੇ ਜਾਣਕਾਰੀ ਦੇਣ ਦੀ ਪ੍ਰਣਾਲੀ ਦੀਆਂ ਸ਼ਰਤਾਂ ਰੱਖੀਆਂ ਹਨ। ਇਸਤੋਂ ਇਲਾਵਾ ਟਾਕ ਬੈਕ ਸੁਵਿਧਾ ਵੀ ਜ਼ਰੂਰੀ ਹੈ, ਇਸ ਰਾਹੀਂ ਐਮਰਜੈਂਸੀ ਸਥਿਤੀ 'ਚ ਯਾਤਰੀ ਟਾਕ ਬੈਕ ਬਟਨ ਦੱਬ ਕੇ ਸਬੰਧਿਤ ਰੇਲ ਕਰਮਚਾਰੀ ਨਾਲ ਉਸੇ ਸਮੇਂ ਮਦਦ ਮੰਗ ਸਕਦੇ ਹਨ।

ਨਿੱਜੀ ਟਰੇਨਾਂ ਲਈ ਰੇਲਵੇ ਨੇ ਨਿੱਜੀ ਕੰਪਨੀਆਂ ਦੇ ਸਾਹਮਣੇ ਜੋ ਸ਼ਰਤਾਂ ਰੱਖੀਆਂ ਹਨ, ਉਸ 'ਚ ਸਭ ਤੋਂ ਪ੍ਰਮੁੱਖ ਰੇਲਵੇ ਨੈੱਟਵਰਕ 'ਤੇ ਉਸਦੀ ਗਤੀ ਪ੍ਰਤੀ ਘੰਟਾ 160 ਕਿਲੋਮੀਟਰ ਹੈ। ਟਰੇਨ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕਰਨਾ ਹੋਵੇਗਾ ਕਿ ਉਹ ਸੁਰੱਖਿਅਤ ਤਰੀਕੇ ਨਾਲ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੇ ਸਮਰਥ ਹੋਵੇ। ਨਿੱਜੀ ਟਰੇਨਾਂ ਇਸ ਗੱਲ 'ਤੇ ਵੀ ਸਮਰਥ ਹੋਣੀਆਂ ਚਾਹੀਦੀਆਂ ਹਨ ਕਿ ਉਹ ਬਰਾਬਰ ਟਰੈਕ 'ਤੇ 140 ਸੈਕੰਡ 'ਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨੂੰ ਬਰੇਕ ਦਿੰਦੇ ਹੀ ਜ਼ੀਰੋ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ 'ਤੇ ਲੈ ਆਉਣ। ਇਨ੍ਹਾਂ ਟਰੇਨਾਂ 'ਚ ਇਕ ਐਮਰਜੈਂਸੀ ਬਰੇਕ ਹੋਵੇਗਾ ਜੋ 160 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀ ਟਰੇਨ ਨੂੰ 1250 ਮੀਟਰ ਤੋਂ ਵੀ ਘੱਟ ਦੀ ਦੂਰੀ 'ਚ ਸਥਿਰ ਖੜ੍ਹਾ ਕਰ ਦੇਵੇ। ਰੇਲਵੇ ਨੇ ਕਿਹਾ ਕਿ ਇਹ ਨਿੱਜੀ ਟਰੇਨ ਘੱਟ ਤੋਂ ਘੱਟ 35 ਸਾਲ ਚੱਲਣੀ ਚਾਹੀਦੀ ਹੈ।

ਯਾਤਰਾ ਨੂੰ ਪੂਰੀ ਤਰ੍ਹਾਂ ਨਾਲ ਸ਼ੋਰ ਮੁਕਤ ਰੱਖਣਾ ਹੋਵੇਗਾ

ਇਸਦੇ ਹਰ ਕੋਚ ਦੇ ਦੋਵਾਂ ਪਾਸੇ ਦੋ-ਦੋ ਆਟੋਮੈਟਿਕ ਇਲੈਕਟ੍ਰਾਨਿਕ ਦਰਵਾਜ਼ੇ ਹੋਣੇ ਚਾਹੀਦੇ ਹਨ। ਜਦੋਂ ਟਰੇਨ ਦੇ ਸਾਰੇ ਦਰਵਾਜ਼ੇ ਬੰਦ ਹੋਣ ਜਾਣ ਅਤੇ ਪੂਰੀ ਤਰ੍ਹਾਂ ਨਾਲ ਲਾਕ ਹੋ ਜਾਣ, ਉਸਦੇ ਬਾਅਦ ਹੀ ਟਰੇਨ ਚੱਲਣੀ ਚਾਹੀਦੀ ਹੈ। ਇਸਤੋਂ ਇਲਾਵਾ ਟਰੇਨਾਂ 'ਚ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਐਮਰਜੈਂਸੀ ਬਟਨਾਂ ਦੇ ਨਾਲ ਹੀ ਟਾਕ ਬੈਕ ਫੋਨ ਸੁਵਿਧਾ ਹੋਵੇਗੀ ਜੋ ਸਾਰੇ ਦਰਵਾਜ਼ਿਆਂ ਦੇ ਨੇੜੇ ਹੋਵੇਗੀ।

ਇਸ ਗੱਲਬਾਤ ਦੀ ਵੁਆਇਸ ਰਿਕਾਰਡਿੰਗ ਹੋਵੇਗੀ ਅਤੇ ਇਸਦੀ ਜੀਪੀਐੱਸ ਸਟੈਂਪਿੰਗ ਕੀਤੀ ਜਾਵੇਗੀ। ਯਾਤਰੀਆਂ ਦੀ ਸੂਚਨਾ ਪ੍ਰਣਾਲੀ ਆਟੋ ਘੋਸ਼ਣਾ ਦੀ ਸੁਵਿਧਾ ਨਾਲ ਲੈਸ ਹੋਵੇਗੀ ਅਤੇ ਟਰੇਨ 'ਚ ਡਿਸਪਲੇਅ ਰਾਹੀਂ ਹਿੰਦੀ, ਅੰਗਰੇਜ਼ੀ ਅਤੇ ਖੇਤਰੀ ਭਾਸ਼ਾਵਾਂ 'ਚ ਪੂਰੀ ਯਾਤਰਾ ਦੌਰਾਨ ਮੰਜ਼ਿਲ ਦੀ ਜਾਣਕਾਰ ਮਿਲੇਗੀ।

ਬੰਬਾਰਡੀਅਰ, ਅਲਸਟੋਮ ਸਮੇਤ 23 ਕੰਪਨੀਆਂ ਨੇ ਦਿਖਾਈ ਰੁਚੀ

ਰੇਲਵੇ ਦੇ ਨਿੱਜੀ ਟਰੇਨਾਂ ਦੇ ਟੈਂਡਰ 'ਤੇ ਬੰਬਾਰਡੀਅਰ, ਅਲਸਟੋਮ, ਸੀਮੰਸ ਅਤੇ ਜੀਐੱਮਆਰ ਸਮੇਤ 23 ਕੰਪਨੀਆਂ ਨੇ ਰੁਚੀ ਦਿਖਾਈ ਹੈ। ਬੁੱਧਵਾਰ ਨੂੰ ਐਪਲੀਕੇਸ਼ਨ ਤੋਂ ਪਹਿਲਾਂ ਦੀ ਬੈਠਕ ਨੂੰ ਰੇਲਵੇ ਨੇ ਨਿੱਜੀ ਟਰੇਨਾਂ ਦੇ ਸੰਚਾਲਨ 'ਚ ਪਹਿਲਾਂ ਕਦਮ ਠਹਿਰਾਇਆ ਹੈ। ਰੇਲਵੇ ਅਨੁਸਾਰ ਸੰਚਾਲਿਤ ਨਿੱਜੀ ਟਰੇਨਾਂ ਦੇ 12 ਸਮੂਹਾਂ ਦੀ ਬੈਠਕ 'ਚ ਸ਼ਾਮਿਲ ਹੋਣ ਵਾਲੀਆਂ ਹੋਰ ਕੰਪਨੀਆਂ 'ਚ ਬੀਈਐੱਮਐੱਲ, ਆਈਆਰਸੀਟੀਸੀ, ਭੇਲ, ਸੀਏਐੱਫ, ਮੇਧਾ ਗਰੁੱਪ, ਸਟਰਲਾਈਟ, ਭਾਰਤ ਫੋਰਜ, ਜੇਕੇਬੀ ਇੰਫ੍ਰਾਂਸਟਰਕਚਰ ਅਤੇ ਟੀਟਾਗੜ੍ਹ ਵੈਗਨਸ ਲਿਮੀਟਡ ਵੀ ਸ਼ਾਮਿਲ ਹੋਏ। ਰੇਲਵੇ ਨੇ 109 ਰੂਟਾਂ 'ਤੇ 151 ਆਧੁਨਿਕ ਨਿੱਜੀ ਟਰੇਨਾਂ ਦੇ ਸੰਚਾਲਨ ਲਈ ਨਿੱਜੀ ਕੰਪਨੀਆਂ ਤੋਂ ਅਰਜ਼ੀਆਂ ਮੰਗੀਆਂ ਹਨ। ਇਹ ਨਿੱਜੀ ਟਰੇਨਾਂ ਮੌਜੂਦਾ ਨਿੱਜੀ ਟਰੇਨਾਂ ਦੇ ਨੈੱਟਵਰਕ ਤੋਂ ਇਲਾਵਾ ਹੋਵੇਗੀ।

Posted By: Ramanjit Kaur