ਏਜੰਸੀ, ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਸਟੇਸ਼ਨਾਂ ’ਤੇ ਲੋਕਾਂ ਵੱਲੋਂ ਮਾਸਕ ਪਾਉਣ ਨੂੰ ਨਿਸ਼ਚਿਤ ਕਰਨ ਲਈ ਸਖ਼ਤ ਰੁਖ਼ ਅਪਣਾਇਆ ਹੈ। ਰੇਲਵੇ ਸਟੇਸ਼ਨਾਂ ’ਤੇ ਲੋਕਾਂ ਦੇ ਮਾਸਕ ਪਾਉਣ ਨੂੰ ਲੈ ਕੇ ਖ਼ਾਸ ਗਾਈਡਲਾਈਨਜ਼ ਜਾਰੀ ਕੀਤੀ ਗਈ ਹੈ। ਰੇਲਵੇ ਕੰਪਲੈਕਸ ’ਚ ਜਾਂ ਫਿਰ ਟ੍ਰੇਨ ਅੰਦਰ ਮਾਸਕ ਨਾ ਪਾਉਣ ’ਤੇ ਜੁਰਮਾਨਾ ਲਗਾਇਆ ਜਾਵੇਗਾ, ਜੋ 500 ਰੁਪਏ ਤਕ ਹੋ ਸਕਦਾ ਹੈ। ਜੁਰਮਾਨੇ ਦਾ ਮਕਸਦ ਸਿਰਫ਼ ਮਾਸਕ ਨੂੰ ਲੈ ਕੇ ਨਹੀਂ ਹੈ, ਬਲਕਿ ਥਾਂ-ਥਾਂ ’ਤੇ ਥੁੱਕਣ ਜਾਂ ਗੰਦਗੀ ਫੈਲਾਉਣ ਨੂੰ ਲੈ ਕੇ ਵੀ ਹੈ। ਜੇਕਰ ਤੁਸੀਂ ਰੇਲਵੇ ਸਟੇਸ਼ਨ ਜਾਂ ਟ੍ਰੇਨ ਦੇ ਅੰਦਰ ਇਥੇ-ਉਥੇ ਥੁੱਕਦੇ ਹੋ ਜਾਂ ਫਿਰ ਗੰਦਗੀ ਫੈਲਾਉਂਦੇ ਹੋ ਤਾਂ ਵੀ ਤੁਹਾਡੇ ’ਤੇ 500 ਰੁਪਏ ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਰੇਲਵੇ ਦਾ ਕਹਿਣਾ ਹੈ ਕਿ ਬਿਨਾਂ ਮਾਸਕ ਦੇ ਸਟੇਸ਼ਨ ਕੰਪਲੈਕਸ ਜਾਂ ਟ੍ਰੇਨ ’ਚ ਘੁੰਮਣਾ ਅਤੇ ਥਾਂ-ਥਾਂ ’ਤੇ ਥੁੱਕਣ ਨਾਲ ਗੰਦਗੀ ਪੈਦਾ ਹੋਵੇਗੀ। ਗੰਦਗੀ ਕਾਰਨ ਲੋਕਾਂ ਨੂੰ ਤਮਾਮ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਕੋਰੋਨਾ ਕਾਲ ’ਚ ਸਾਫ਼-ਸਫ਼ਾਈ ਨਾ ਰੱਖਣ ਕਾਰਨ ਕੋਰੋਨਾ ਵਾਇਰਸ ਵੀ ਫੈਲ੍ਹ ਸਕਦਾ ਹੈ।

ਅਗਲੇ ਛੇ ਮਹੀਨਿਆਂ ਤਕ ਰੱਖਣਾ ਹੋਵੇਗਾ ਧਿਆਨ

ਅਜਿਹਾ ਨਹੀਂ ਹੈ ਕਿ ਤੁਹਾਨੂੰ ਇਸ ਨਿਯਮ ਦਾ ਖ਼ਿਆਲ ਕੁਝ ਹੀ ਦਿਨਾਂ ਲਈ ਰੱਖਣਾ ਹੈ। ਰੇਲਵੇ ਅਨੁਸਾਰ, ਅਗਲੇ 6 ਮਹੀਨਿਆਂ ਤਕ ਯਾਤਰੀਆਂ ਨੂੰ ਮਾਸਕ ਨਾਲ ਜੁੜੇ ਨਿਯਮਾਂ ਦਾ ਧਿਆਨ ਰੱਖਣਾ ਹੋਵੇਗਾ। ਅਜਿਹੇ ’ਚ ਜੇਕਰ 6 ਮਹੀਨਿਆਂ ’ਚ ਟ੍ਰੇਨ ਰਾਹੀਂ ਕਿਤੇ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਯਾਦ ਰੱਖੋ ਕਿ ਤੁਸੀਂ ਯਾਤਰਾ ਦੌਰਾਨ ਅਤੇ ਰੇਲਵੇ ਸਟੇਸ਼ਨ ’ਤੇ ਮਾਸਕ ਲਗਾ ਕੇ ਰਹਿਣਾ ਹੈ। ਰੇਲਵੇ ਨੇ ਸ਼ਨੀਵਾਰ ਨੂੰ ਇਸ ਸੰਦਰਭ ’ਚ ਨਿਯਮ ਜਾਰੀ ਕੀਤੇ ਹਨ।

ਕੰਫਰਮ ਟਿਕਟ ਦੀ ਹੈ ਜ਼ਰੂਰਤ

ਇਨ੍ਹਾਂ ਦਿਨਾਂ ਨੇ ਅਸੁਰੱਖਿਅਤ ਯਾਤਰਾ ’ਤੇ ਰੋਕ ਲਗਾ ਰੱਖੀ ਹੈ ਅਤੇ ਕੁਝ ਟ੍ਰੇਨਾਂ ਤੋਂ ਇਲਾਵਾ ਸਾਰੀਆਂ ਟ੍ਰੇਨਾਂ ’ਚ ਯਾਤਰਾ ਕਰਨ ਲਈ ਰਿਜ਼ਰਵਡ ਟਿਕਟ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ’ਚ ਜੇਕਰ ਤੁਸੀਂ ਵੀ ਕਿਤੇ ਯਾਤਰਾ ਕਰ ਰਹੇ ਹੋ ਤਾਂ ਪਹਿਲਾਂ ਤੋਂ ਟਿਕਟ ਬੁੱਕ ਕਰਵਾ ਲਓ ਅਤੇ ਟਿਕਟ ਕੰਫਰਮ ਹੋਣ ’ਤੇ ਯਾਤਰਾ ਕਰੋ।

ਨਹੀਂ ਮਿਲਣਗੇ ਬੈੱਡਸ਼ੀਟ ਅਤੇ ਸਿਰਹਾਣੇ

ਨਾਲ ਹੀ ਜੋ ਲੋਕ ਏਸੀ ’ਚ ਸਫ਼ਰ ਕਰ ਰਹੇ ਹਨ, ਉਨ੍ਹਾਂ ਨੂੰ ਦੱਸ ਦੇਈਏ ਕਿ ਹਾਲੇ ਕੋਰੋਨਾ ਵਾਇਰਸ ਕਾਰਨ ਯਾਤਰੀਆਂ ਨੂੰ ਬੈੱਡਸ਼ੀਟ, ਸਿਰਹਾਣੇ ਅਤੇ ਕੰਬਲ ਦੀ ਸੁਵਿਧਾ ਨਹੀਂ ਦਿੱਤੀ ਜਾ ਰਹੀ ਹੈ। ਅਜਿਹੇ ’ਚ ਜੇਕਰ ਤੁਸੀਂ ਆਉਣ ਵਾਲੇ ਦਿਨਾਂ ’ਚ ਏਸੀ ’ਚ ਯਾਤਰਾ ਕਰ ਰਹੇ ਹੋ ਤਾਂ ਤੁਹਾਨੂੰ ਆਪਣੇ ਨਾਲ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਯਾਤਰਾ ਕਰਨੀ ਹੋਵੇਗੀ।

Posted By: Ramanjit Kaur