ਲੰਡਨ (ਏਜੰਸੀ) : ਭਾਰਤੀ ਮੂਲ ਦੇ ਇਕ ਨੌਜਵਾਨ ਨੂੰ ਪਿਛਲੇ ਸਾਲ ਬਰਤਾਨੀਆ ਦੇ ਲੀਸੈਸਟਰ 'ਚ ਇਕ ਸ਼ਾਪਿੰਗ ਸੈਂਟਰ 'ਚ ਅਗਜ਼ਨੀ ਲਈ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 34 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਪਰਵਿੰਦਰ ਸਿੰਘ ਨੂੰ ਇਸ ਹਫ਼ਤੇ ਜੇਲ੍ਹ 'ਚ ਪਾ ਦਿੱਤਾ ਗਿਆ। ਉਸ ਨੇ ਅਪ੍ਰਰੈਲ 'ਚ ਲੀਸੈਸਟਰ ਕ੍ਰਾਊਨ ਕੋਰਟ 'ਚ ਜਨਵਰੀ 2019 'ਚ ਹੋਈ ਅਗਜ਼ਨੀ 'ਚ ਸ਼ਾਮਿਲ ਹੋਣ ਦੀ ਗੱਲ ਮੰਨ ਲਈ ਸੀ। ਲੀਸੈਸਟਰਸ਼ਾਇਰ ਪੁਲਿਸ ਨੇ ਕਿਹਾ ਕਿ ਅੱਗ ਨਾਲ ਕਾਰੋਬਾਰ ਨਸ਼ਟ ਹੋ ਗਿਆ ਤੇ ਇਸ ਨੇ ਦੁਕਾਨਦਾਰਾਂ, ਮੁਲਾਜ਼ਮਾਂ ਤੇ ਭਾਈਚਾਰੇ ਨੂੰ ਤਬਾਹ ਕਰ ਦਿੱਤਾ।

ਡਿਟੈਕਟਿਵ ਕਾਂਸਟੇਬਲ ਗੇਮਾ ਏਲਨ ਨੇ ਦੱਸਿਆ ਕਿ ਇਹ ਖੇਤਰ ਦੇ ਲੋਕਾਂ, ਕਾਰੋਬਾਰੀਆਂ ਤੇ ਮੁਲਾਜ਼ਮਾਂ ਨੂੰ ਤਬਾਹ ਕਰਨ ਦੀ ਘਟਨਾ ਸੀ। ਪਿਛਲੇ ਸਾਲ ਛੇ ਜਨਵਰੀ ਦੀ ਰਾਤ 10 ਵਜੇ ਪੁਲਿਸ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਵਿਭਾਗ ਨੂੰ ਵੀ ਬੁਲਾਇਆ ਗਿਆ। ਪੁਲਿਸ ਤੇ ਫਾਇਰ ਬਿ੍ਗੇਡ ਵਿਭਾਗ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਅੱਗ ਜਾਣ-ਬੁੱਝ ਕੇ ਲਗਾਈ ਗਈ ਹੈ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਏਲਨ ਨੇ ਕਿਹਾ ਕਿ ਮੈਂ ਗਵਾਹਾਂ ਸਮੇਤ ਇਸ ਮਾਮਲੇ ਦੀ ਜਾਂਚ ਕਰਨ ਵਾਲੀ ਪੂਰੀ ਟੀਮ ਨੂੰ ਧੰਨਵਾਦ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਇਸ ਸਜ਼ਾ ਨਾਲ ਉਨ੍ਹਾਂ ਲੋਕਾਂ ਨੂੰ ਮਦਦ ਮਿਲੇਗੀ, ਜਿਹੜੇ ਉਸ ਰਾਤ ਦੀ ਤਬਾਹੀ ਤੋਂ ਉੱਭਰਨ ਦਾ ਯਤਨ ਕਰ ਰਹੇ ਹਨ। ਅੱਗ ਲੱਗਣ ਵੇਲੇ ਬ੍ਰੇਲਗ੍ਰੇਵ ਕਮਰਸ਼ੀਅਲ ਸੈਂਟਰ ਦੇ ਅੰਦਰ ਬਹੁਤ ਸਾਰੇ ਲੋਕ ਮੌਜੂਦ ਸਨ। ਜਾਂਚ ਦੌਰਾਨ ਪ੍ਰਤੱਖਦਰਸ਼ੀਆਂ ਨਾਲ ਗੱਲ ਕੀਤੀ ਗਈ, ਸੀਸੀਟੀਵੀ ਦਾ ਵਿਸ਼ਲੇਸ਼ਣ ਕੀਤਾ ਗਿਆ ਤੇ ਪੁਲਿਸ ਨੇ ਜਨਤਕ ਅਪੀਲ ਕੀਤੀ।