ਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ ਜਿਨ੍ਹਾਂ 50 ਤੋਂ ਜ਼ਿਆਦਾ ਭਾਰਤੀਆਂ ਨੂੰ ਓਰੇਗਾਨ ਦੀ ਜੇਲ੍ਹ ਵਿਚ ਰੱਖਿਆ ਗਿਆ ਹੈ, ਉਨ੍ਹਾਂ ਵਿਚੋਂ ਕਿਸੇ ਨੂੰ ਵੀ ਹੱਥਕੜੀ ਜਾਂ ਬੇੜੀਆਂ ਨਹੀਂ ਲਗਾਈਆਂ ਗਈਆਂ ਹਨ। ਇਹ ਭਾਰਤੀ ਨਾਜਾਇਜ਼ ਰੂਪ ਨਾਲ ਅਮਰੀਕਾ ਆਏ ਸਨ, ਟਰੰਪ ਪ੍ਰਸ਼ਾਸਨ ਦੇ ਇਕ ਆਦੇਸ਼ ਤੋਂ ਬਾਅਦ ਇਨ੍ਹਾਂ ਸਮੇਤ ਤਮਾਮ ਵਿਦੇਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਕਾਨੂੰਨੀ ਸਹਾਇਤਾ ਦੇਣ ਵਾਲੇ ਸਮੂਹ ਦੇ ਮੈਂਬਰ ਨੇ ਇਹ ਜਾਣਕਾਰੀ ਦਿੱਤੀ ਹੈ।

ਇਸ ਤੋਂ ਪਹਿਲਾਂ ਮੀਡੀਆ 'ਚ ਆਈ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਓਰੇਗਾਨ ਜੇਲ੍ਹ ਵਿਚ ਰੱਖੇ ਗਏ ਭਾਰਤੀਆਂ ਨੂੰ ਹੱਥਕੜੀ ਜਾਂ ਬੇੜੀਆਂ ਪਾ ਕੇ ਉਨ੍ਹਾਂ ਨਾਲ ਅਪਰਾਧੀਆਂ ਵਰਗਾ ਵਤੀਰਾ ਹੋ ਰਿਹਾ ਹੈ। ਇਹ ਭਾਰਤੀ ਪਿਛਲੇ ਕਈ ਹਫ਼ਤਿਆਂ ਤੋਂ ਜੇਲ੍ਹ ਵਿਚ ਹਨ। ਕਾਨੂੰਨੀ ਸਹਾਇਤਾ ਸਮੂਹ ਦੀ ਮੈਂਬਰ ਪ੍ਰੋਫੈਸਰ ਨਵਨੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਵਿਚ ਕਿਤੇ ਵੀ ਭਾਰਤੀ ਬੰਦੀਆਂ ਨੂੰ ਹੱਥਕੜੀ ਜਾਂ ਬੇੜੀਆਂ ਪਾ ਕੇ ਰੱਖੇ ਜਾਣ ਦੀ ਗੱਲ ਨਹੀਂ ਸੀ। ਇਹ ਗੱਲ ਮੀਡੀਆ ਨੇ ਗ਼ਲਤ ਤਰੀਕੇ ਨਾਲ ਪਾਈ ਸੀ। ਕੌਰ ਦੇ ਬਿਆਨ ਨਾਲ ਹੀ ਜੇਲ੍ਹ ਵਿਚ ਬੰਦ ਭਾਰਤੀਆਂ ਦਾ ਮਾਮਲਾ ਚਰਚਾ ਵਿਚ ਆਇਆ ਸੀ। ਜੇਲ੍ਹ ਵਿਚ ਬੰਦ ਭਾਰਤੀਆਂ ਵਿਚ ਜ਼ਿਆਦਾਤਰ ਸਿੱਖ ਹਨ ਅਤੇ ਉਹ ਪੰਜਾਬੀ ਜ਼ੁਬਾਨ ਵਾਲੇ ਲੋਕ ਹਨ। ਉਨ੍ਹਾਂ ਦੀ ਗੱਲ ਨੂੰ ਸਮਝ ਕੇ ਨਵਨੀਤ ਕੌਰ ਉਸ ਨੂੰ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ਅਦਾਲਤ ਦੇ ਸਾਹਮਣੇ ਰੱਖਣ ਵਿਚ ਸਹਾਇਤਾ ਦੇ ਰਹੀ ਹੈ।