ਨਵੀਂ ਦਿੱਲੀ (ਏਐੱਨਆਈ) : ਧਾਰਾ 370 ਤੇ 35ਏ ਖ਼ਤਮ ਕੀਤੇ ਜਾਣ ਤੋਂ ਬਾਅਦ ਝੂਠੀ ਸੂਚਨਾ ਫੈਲਾਉਣ ਲਈ ਪਾਕਿਸਤਾਨੀ ਏਜੰਸੀਆਂ ਨੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਦੇ ਫਰਜ਼ੀ ਟਵਿੱਟਰ ਹੈਂਡਲ ਤਿਆਰ ਕਰ ਲਏ ਹਨ। ਭਾਰਤੀ ਫ਼ੌਜ ਤੇ ਹੋਰਨਾਂ ਸੁਰੱਖਿਆ ਏਜੰਸੀਆਂ ਇਨ੍ਹਾਂ ਫਰਜ਼ੀ ਟਵਿੱਟਰ ਅਕਾਊਂਟ ਖ਼ਿਲਾਫ਼ ਕਾਰਵਾਈ ਕਰ ਰਹੀਆਂ ਹਨ। ਫ਼ੌਜ ਨੇ ਵੀਰਵਾਰ ਨੂੰ ਆਪਣੇ ਅਧਿਕਾਰੀਆਂ ਨੂੰ ਸੋਸ਼ਲ ਮੀਡੀਆ ਅਕਾਊਂਟ ਦੀ ਵਰਤੋਂ ਕਰਦੇ ਸਮੇਂ ਹਦਾਇਤਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਹੈ।

ਪਾਕਿਸਤਾਨੀ ਜਾਸੂਸੀ ਏਜੰਸੀਆਂ ਤੇ ਉਨ੍ਹਾਂ ਦੇ ਆਪਰੇਟਿਵ ਨੇ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਸਮੇਤ ਹੋਰਨਾਂ ਸੀਨੀਅਰ ਅਧਿਕਾਰੀਆਂ ਦੇ 200 ਤੋਂ ਵੱਧ ਟਵਿੱਟਰ ਹੈਂਡਲ ਬਣਾਏ ਹਨ। ਫ਼ੌਜ ਦੇ ਸੂਤਰਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਕੀਤੀ ਹੈ ਤੇ ਹੁਣ ਵੱਡੀ ਗਿਣਤੀ 'ਚ ਅਜਿਹੇ ਅਕਾਊਂਟ ਸਸਪੈਂਡ ਕੀਤੇ ਜਾ ਚੁੱਕੇ ਹਨ।

ਧਾਰਾ 370 ਖ਼ਤਮ ਕੀਤੇ ਜਾਣ ਤੋਂ ਤੁਰੰਤ ਬਾਅਦ ਹੀ ਅਕਾਊਂਟ ਤਿਆਰ ਕੀਤੇ ਗਏ ਤੇ ਉਸ ਨਾਲ ਪਾਕਿਸਤਾਨ ਮਨਮਰਜ਼ੀ ਨਾਲ ਸੂਚਨਾਵਾਂ ਫੈਲਾ ਰਿਹਾ ਹੈ। ਖ਼ਾਸ ਤੌਰ 'ਤੇ ਕਸ਼ਮੀਰ ਵਾਦੀ 'ਚ ਸਥਿਤੀ ਬਾਰੇ ਝੂਠ ਪਰੋਸਿਆ ਜਾ ਰਿਹਾ ਹੈ। ਜਿਨ੍ਹਾਂ ਅਧਿਕਾਰੀਆਂ ਦੇ ਨਾਂ 'ਤੇ ਹੈਂਡਲ ਬਣਾਏ ਗਏ ਹਨ ਉਨ੍ਹਾਂ 'ਚ ਫ਼ੌਜ ਦੇ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ, ਸਾਬਕਾ ਉਪ ਮੁਖੀ ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਤੇ ਸਾਬਕਾ ਸੈਂਟਰਲ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਬੀਐੱਸ ਨੇਗੀ ਤੇ ਹੋਰ ਸ਼ਾਮਲ ਹਨ।

ਇਸਦੇ ਲਈ ਫ਼ੌਜ ਅਧਿਕਾਰੀਆਂ ਦੇ ਸੋਸ਼ਲ ਮੀਡੀਆ 'ਤੇ ਇਸਤੇਮਾਲ ਹੋਣ ਵਾਲੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ। ਇਕ ਅਕਾਊਂਟ ਮਾਲੇਗਾਂਵ ਧਮਾਕੇ ਦੇ ਦੋਸ਼ੀ ਲੈਫਟੀਨੈਂਟ ਕਰਨਲ ਸ਼੍ਰੀਕਾਂਤ ਪੁਰੋਹਿਤ ਦੇ ਨਾਂ 'ਤੇ ਵੀ ਬਣਾਇਆ ਗਿਆ ਹੈ।

ਫ਼ੌਜ ਦੇ ਅਧਿਕਾਰਤ ਤਰਜਮਾਨ ਕਰਨਲ ਅਮਨ ਆਨੰਦ ਨੇ ਕਿਹਾ, ਸੇਵਾ ਵਿਚ ਅਤੇ ਰਿਟਾਇਰ ਅਧਿਕਾਰੀਆਂ ਦੇ ਅਕਾਊਂਟ 'ਤੇ ਹਮਲੇ ਵਧ ਗਏ ਹਨ। ਮੈਂ ਫ਼ੌਜ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ ਹੈ। ਉਨ੍ਹਾਂ ਨੂੰ ਵੇਰਵਾ ਜਾਂ ਤਸਵੀਰ ਨਾ ਦੇਣ ਲਈ ਕਿਹਾ ਗਿਆ ਹੈ।'