ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ 'ਚ ਹਾਦਸੇ ਦਾ ਸ਼ਿਕਾਰ ਹੋਏ ਹਵਾਈ ਫ਼ੌਜ ਦੇ AN-32 ਜਹਾਜ਼ 'ਚ ਸਵਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਤੇ ਜਹਾਜ਼ ਦਾ ਬਲੈਕ ਬਾਕਸ ਵੀ ਮਿਲ ਗਿਆ ਹੈ। ਇਨ੍ਹਾਂ ਸਾਰੀਆਂ ਲਾਸ਼ਾਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਿਆ ਜਾਵੇਗਾ।

ਇਸ ਤੋਂ ਪਹਿਲਾਂ ਕ੍ਰੈਸ਼ ਸਾਈਟ 'ਤੇ ਪਹੁੰਚੀ ਟੀਮ ਨੇ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਭਾਰਤੀ ਹਵਾਈ ਫ਼ੌਜ ਦੀ ਸਰਚ ਟੀਮ ਅੱਜ ਸਵੇਰੇ ਕ੍ਰੈਸ਼ ਸਾਈਟ 'ਤੇ ਪਹੁੰਚੀ। ਇਸ ਦੌਰਾਨ ਸਰਚ ਟੀਮ ਨੂੰ ਜਹਾਜ਼ 'ਚ ਸਵਾਰ ਕਿਸੇ ਵੀ ਜ਼ਿੰਦਾ ਬਚੇ ਹੋਣ ਦਾ ਕੋਈ ਸੁਰਾਗ਼ ਨਹੀਂ ਮਿਲਿਆ। ਇੰਡੀਅਨ ਏਅਰ ਫੋਰਸ ਨੇ ਜਹਾਜ਼ 'ਚ ਸਵਾਰ ਸਾਰੇ 13 ਲੋਕਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਭਾਰਤੀ ਹਵਾਈ ਫ਼ੌਜ ਨੇ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਸਾਰੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ।


ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ 'ਚ ਹਵਾਈ ਫ਼ੌਜ ਦੇ ਦੁਰਘਟਨਾ ਗ੍ਰਸਤ AN-32 ਜਹਾਜ਼ ਦੇ ਮਲਬੇ ਤਕ ਪਹੁੰਚਣਾ ਬਚਾਅ ਦਲ ਲਈ ਮੁਸ਼ਕਲ ਸਾਬਿਤ ਹੋ ਰਿਹਾ ਸੀ। ਬੁੱਧਵਾਰ ਨੂੰ 15 ਮੈਂਬਰੀ ਬਚਾਅ ਦਲ ਨੇ ਦੁਘਟਨਾ ਸਥਾਨ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਸੰਘਣੇ ਜੰਗਲ ਅਤੇ ਬੇਹੱਦ ਖ਼ਰਾਬ ਮੌਸਮ ਕਾਰਨ ਇਹ ਦਲ ਸਫ਼ਲ ਨਹੀਂ ਹੋ ਸਕਿਆ। ਲਿਹਾਜ਼ਾ ਬਚਾਅ ਦਲ ਨੂੰ ਏਅਰਲਿਫਟ ਕਰਕੇ ਦੁਰਘਟਨਾ ਸਥਾਨ ਦੇ ਕਰੀਬ ਸਥਿਤ ਕੈਂਪ ਤਕ ਪਹੁੰਚਾਇਆ ਗਿਆ ਸੀ। ਜ਼ਿਕਰਯੋਗ ਹੈ ਏਐੱਨ-32 3 ਜੂਨ ਨੂੰ ਲਾਪਤਾ ਹੋ ਗਿਆ ਸੀ ਅਤੇ ਜਿਸ ਦਾ ਮਲਬਾ 11 ਜੂਨ ਨੂੰ ਮਿਲਿਆ ਸੀ।

ਦੱਸਣਾ ਬਣਦਾ ਹੈ ਕਿ ਹਾਦਸਾਗ੍ਰਸਤ ਹੋਏ ਭਾਰਤੀ ਹਵਾਈ ਫ਼ੌਜ ਦੇ ਇਸ ਜਹਾਜ਼ ਵਿਚ ਸਮਾਣਾ ਦਾ ਮੋਹਿਤ ਕੁਮਾਰ ਵੀ ਸ਼ਾਮਲ ਸੀ। ਮੋਹਿਤ ਦੀ ਕਰੀਬ ਤੇਰਾਂ ਸਾਲ ਪਹਿਲਾਂ ਐੱਨਡੀਏ 'ਚ ਚੋਣ ਹੋਈ ਸੀ ਜਿਸ ਤੋਂ ਬਾਅਦ ਉਹ ਭਾਰਤੀ ਹਵਾਈ ਫ਼ੌਜ ਵਿਚ ਫਲਾਇੰਗ ਲੈਫਟੀਨੈਂਟ ਵਜੋਂ ਸੇਵਾ ਨਿਭਾ ਰਿਹਾ ਸੀ। ਭਾਰਤੀ ਹਵਾਈ ਫ਼ੌਜ ਦੇ ਟੈਂਟ ਨੂੰ ਏਐੱਨ-32 ਜਹਾਜ਼ ਦੇ ਮੈਂਬਰਾਂ 'ਚ ਸ਼ਾਮਲ ਸੀ।

ਜਹਾਜ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ 'ਤੇ ਮੋਹਿਤ ਉਸ ਦੇ ਪਿਤਾ ਸੁਰਿੰਦਰਪਾਲ ਅਤੇ ਹੋਰ ਪਰਿਵਾਰਕ ਮੈਂਬਰ ਅਸਾਮ ਲਈ ਰਵਾਨਾ ਹੋ ਗਏ। ਮੋਹਿਤ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਜਲੰਧਰ ਵਾਸੀ ਆਸਥਾ ਨਾਂ ਦੀ ਲੜਕੀ ਨਾਲ ਹੋਇਆ ਸੀ ਜੋ ਕਿ ਮੌਜੂਦਾ ਸਮੇਂ ਅਸਾਮ 'ਚ ਹੀ ਇਕ ਬੈਂਕ ਵਿਚ ਨੌਕਰੀ ਕਰ ਰਹੀ ਹੈ।

Posted By: Akash Deep