ਨਵੀਂ ਦਿੱਲੀ (ਆਨਲਾਈਨ ਡੈਸਕ): ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੀ ਵੈੱਬ ਸਾਈਟ 'ਤੇ ਭਾਰਤ ਦਾ ਗਲਤ ਨਕਸ਼ਾ ਦਿਖਾਇਆ ਜਾ ਰਿਹਾ ਹੈ। ਸੀਡੀਸੀ ਦੁਆਰਾ ਵਿਸ਼ਵ ਪੱਧਰ 'ਤੇ ਮੰਕੀਪੌਕਸ ਦੇ ਕੇਸਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਵਿਸ਼ਵ ਦਾ ਰਾਜਨੀਤਿਕ ਨਕਸ਼ਾ ਗਲਤ ਹੈ। ਇਸ ਵਿੱਚ ਜੰਮੂ-ਕਸ਼ਮੀਰ ਦਾ ਉੱਤਰੀ ਹਿੱਸਾ ਜਿਸ ਵਿੱਚ ਗਿਲਗਿਤ ਸਕਾਰਦੂ, ਹੰਜ਼ਾ ਘਾਟੀ, ਨੰਗਾ ਪਰਬਤ, ਨੰਤਰ ਘਾਟੀ ਆਦਿ ਸ਼ਾਮਲ ਹਨ, ਨੂੰ ਪਾਕਿਸਤਾਨ ਵਿੱਚ ਦਿਖਾਇਆ ਗਿਆ ਹੈ।ਇੰਨਾ ਹੀ ਨਹੀਂ ਸੀਡੀਸੀ 'ਤੇ ਦਿਖਾਏ ਜਾ ਰਹੇ ਇਸ ਨਕਸ਼ੇ 'ਚ ਲੱਦਾਖ ਦਾ ਕੁਝ ਪੂਰਬੀ ਹਿੱਸਾ ਚੀਨ 'ਚ ਦਿਖਾਇਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਪਹਿਲਾਂ ਵੀ ਕਈ ਵਾਰ ਵੱਖ-ਵੱਖ ਥਾਵਾਂ 'ਤੇ ਦਿਖਾਏ ਜਾ ਰਹੇ ਭਾਰਤ ਦੇ ਗਲਤ ਨਕਸ਼ਿਆਂ 'ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦੇ ਰਿਹਾ ਹੈ। ਭਾਰਤ ਦੇ ਸਖ਼ਤ ਰੁਖ਼ ਤੋਂ ਬਾਅਦ ਕਈ ਥਾਵਾਂ 'ਤੇ ਦਿਖਾਏ ਜਾ ਰਹੇ ਭਾਰਤ ਦੇ ਨਕਸ਼ੇ ਨੂੰ ਠੀਕ ਕਰ ਦਿੱਤਾ ਗਿਆ ਹੈ। ਨਵੰਬਰ 2019 ਵਿੱਚ ਭਾਰਤ ਸਰਕਾਰ ਵੱਲੋਂ ਦੁਨੀਆ ਦੇ ਸਾਹਮਣੇ ਪੇਸ਼ ਕੀਤੇ ਗਏ ਨਕਸ਼ੇ ਵਿੱਚ ਪੂਰੇ ਜੰਮੂ-ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਿਖਾਇਆ ਗਿਆ ਸੀ।

ਇਸ ਵਿੱਚ ਪਾਕਿਸਤਾਨ ਤੇ ਚੀਨ ਵੱਲੋਂ ਗਲਤ ਤਰੀਕੇ ਨਾਲ ਹਾਸਲ ਕੀਤੀ ਗਈ ਹਿੱਸੇਦਾਰੀ ਨੂੰ ਸਾਫ਼-ਸਾਫ਼ ਦਿਖਾਇਆ ਗਿਆ ਹੈ। ਹਾਲਾਂਕਿ ਇਸ ਨਕਸ਼ੇ ਦੇ ਜਾਰੀ ਹੋਣ ਤੋਂ ਬਾਅਦ ਪਾਕਿਸਤਾਨ ਅਤੇ ਚੀਨ ਵਲੋਂ ਨਾਰਾਜ਼ਗੀ ਜਤਾਈ ਗਈ ਸੀ। ਇਸ ਦੇ ਜਵਾਬ 'ਚ ਭਾਰਤ ਨੇ ਸਪੱਸ਼ਟ ਕੀਤਾ ਸੀ ਕਿ ਗਿਲਗਿਤ ਦਾ ਪੂਰਾ ਇਲਾਕਾ ਅਤੇ ਲੱਦਾਖ ਦਾ ਪੂਰਾ ਇਲਾਕਾ ਸਮੇਤ ਪੂਰਾ ਜੰਮੂ-ਕਸ਼ਮੀਰ ਭਾਰਤੀ ਖੇਤਰ ਹੈ। ਭਾਰਤ ਨੇ ਇੱਥੋਂ ਤੱਕ ਕਿਹਾ ਸੀ ਕਿ ਹੁਣ ਭਾਰਤ ਇਨ੍ਹਾਂ ਹਿੱਸਿਆਂ ਨੂੰ ਵਾਪਸ ਲੈ ਲਵੇਗਾ।

ਜ਼ਿਕਰਯੋਗ ਹੈ ਕਿ ਭਾਰਤ ਇਸ ਆਧਾਰ 'ਤੇ ਪਾਕਿਸਤਾਨ ਅਤੇ ਚੀਨ ਵਿਚਾਲੇ ਬਣ ਰਹੇ ਆਰਥਿਕ ਗਲਿਆਰੇ ਦਾ ਵੀ ਵਿਰੋਧ ਕਰਦਾ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਇਹ ਕਾਰੀਡੋਰ ਭਾਰਤ ਦੀ ਧਰਤੀ 'ਤੇ ਬਣਾਇਆ ਜਾ ਰਿਹਾ ਹੈ। ਭਾਰਤ ਇਸ ਦੀ ਇਜਾਜ਼ਤ ਨਹੀਂ ਦਿੰਦਾ। ਸਾਲ 2019 ਵਿੱਚ, ਭਾਰਤ ਸਰਕਾਰ ਨੇ ਇਹ ਨਕਸ਼ਾ ਉਦੋਂ ਜਾਰੀ ਕੀਤਾ ਜਦੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕੀਤਾ ਗਿਆ ਸੀ। ਉਸ ਸਮੇਂ ਵੀ ਪਾਕਿਸਤਾਨ ਭਾਰਤ ਸਰਕਾਰ ਦੇ ਇਸ ਫੈਸਲੇ ਤੋਂ ਬੌਖਲਾ ਗਿਆ ਸੀ। ਸੀਡੀਸੀ ਦੁਆਰਾ ਆਪਣੀ ਵੈਬਸਾਈਟ 'ਤੇ ਦਿਖਾਇਆ ਗਿਆ ਭਾਰਤ ਦਾ ਨਕਸ਼ਾ ਵੀ ਪੂਰੀ ਤਰ੍ਹਾਂ ਗਲਤ ਹੈ।

ਇਹ ਨਕਸ਼ਾ https://www.cdc.gov/poxvirus/monkeypox/response/2022/world-map.html 'ਤੇ ਪਾਇਆ ਜਾ ਸਕਦਾ ਹੈ।

Posted By: Sandip Kaur