ਨੀਲੂ ਰੰਜਨ, ਨਵੀਂ ਦਿੱਲੀ : ਕੋਰੋਨਾ ਦੇ ਇਲਾਜ ਲਈ ਹਾਈਡ੍ਰੋਕਸੀ-ਕਲੋਰੋਕੁਈਨ (ਐੱਚਸੀਕਿਊ) ਦੇ ਟਰਾਇਲ ਨੂੰ ਮੁਲਤਵੀ ਕਰਨ ਦਾ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦਾ ਫ਼ੈਸਲਾ ਭਾਰਤ ਨੂੰ ਪਸੰਦ ਨਹੀਂ ਆਇਆ। ਵੈਸੇ ਤਾਂ ਭਾਰਤ ਨੇ ਡਬਲਯੂਐੱਚਓ ਦੇ ਫ਼ੈਸਲੇ 'ਤੇ ਰਸਮੀ ਤੌਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਏਨਾ ਜ਼ਰੂਰ ਸਾਫ਼ ਕਰ ਦਿੱਤਾ ਕਿ ਐੱਚਸੀਕਿਊ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਹ ਇਸਦਾ ਟਰਾਇਲ ਜਾਰੀ ਰੱਖੇਗਾ। ਧਿਆਨ ਦੇਣ ਵਾਲੀ ਗੱਲ ਹੈ ਕਿ ਡਬਲਯੂਐੱਚਓ ਨੇ ਐੱਚਸੀਕਿਊ ਦੇ ਮਾੜੇ ਪ੍ਰਭਾਵਾਂ ਦੀ ਰਿਪੋਰਟ ਨੂੰ ਦੇਖਦੇ ਹੋਏ ਹੀ ਇਸਦੇ ਟਰਾਇਲ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਸੀ। ਡਬਲਯੂਐੱਚਓ ਦਾ ਨਾਂ ਲਏ ਬਿਨਾਂ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਐੱਚਸੀਕਿਊ ਦੇ ਜਾਨਲੇਵਾ ਹੋਣ ਦੇ ਖਦਸ਼ੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਭਾਰਗਵ ਨੇ ਕਿਹਾ ਕਿ ਕਲੋਰੋਕੁਈਨ ਬਹੁਤ ਹੀ ਪੁਰਾਣੀ ਦਵਾਈ ਹੈ, ਜਿਸਨੂੰ ਅਸੀਂ ਪੀੜ੍ਹੀਆਂ ਤੋਂ ਲੈਂਦੇ ਆਏ ਹਾਂ। ਇੱਥੇ ਪੁਰਾਣੇ ਸਮੇਂ ਵਿਚ ਡਾਕ ਵਿਭਾਗ ਦੇ ਪੱਤਰਾਂ 'ਤੇ ਮਲੇਰੀਏ ਤੋਂ ਬਚਣ ਲਈ ਇਸ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਸੀ ਅਤੇ ਨਾਲ ਹੀ ਖਾਣ ਦਾ ਤਰੀਕਾ ਵੀ ਲਿਖਿਆ ਹੁੰਦਾ ਸੀ। ਉਨ੍ਹਾਂ ਕਿਹਾ ਕਿ ਮਲੇਰੀਆ ਲਈ ਇਸਦਾ ਵਿਆਪਕ ਰੂਪ ਵਿਚ ਇਸਤੇਮਾਲ ਅੱਜ ਵੀ ਹੋ ਰਿਹਾ ਹੈ ਅਤੇ ਕਿਸੇ ਵੱਡੇ ਸਾਈਡ ਇਫੈਕਟ ਦੀ ਸ਼ਿਕਾਇਤ ਕਦੀ ਨਹੀਂ ਆਈ। ਉਨ੍ਹਾਂ ਕਿਹਾ ਕਿ ਜੇਕਰ ਸਿਹਤ 'ਤੇ ਇਸਦਾ ਏਨਾ ਜ਼ਿਆਦਾ ਭੈੜਾ ਪ੍ਰਭਾਵ ਹੁੰਦਾ ਤਾਂ ਅੱਠ ਦਹਾਕੇ ਤੋਂ ਇਸਦਾ ਇਸਤੇਮਾਲ ਨਾ ਹੋ ਰਿਹਾ ਹੁੰਦਾ। ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਹਾਈਡ੍ਰੋਕਸੀ ਕਲੋਰੋਕੁਈਨ ਤਾਂ ਕਲੋਰੋਕੁਈਨ ਤੋਂ ਵੀ ਜ਼ਿਆਦਾ ਸੁਰੱਖਿਅਤ ਹੈ।

ਕੋਰੋਨਾ ਦੀ ਇਨਫੈਕਸ਼ਨ ਨੂੰ ਰੋਕਣ ਵਿਚ ਐੱਚਸੀਕਿਊ ਦੇ ਫਾਇਦਿਆਂ ਬਾਰੇ ਦੱਸਦੇ ਹੋਏ ਡਾਕਟਰ ਬਲਰਾਮ ਭਾਰਗਵ ਨੇ ਕਿਹਾ ਕਿ ਮਲੇਰੀਏ ਨੂੰ ਰੋਕਣ ਵਿਚ ਇਸਦੀ ਵਿਆਪਕ ਸਫ਼ਲਤਾ ਨੂੰ ਦੇਖਦੇ ਹੋਏ ਇਸਦੇ ਐਂਟੀ-ਵਾਇਰਲ ਹੋਣ ਦੀ ਉਮੀਦ ਪ੍ਰਗਟਾਈ ਗਈ ਅਤੇ ਇਸਦੇ ਲਈ ਦੁਨੀਆ ਭਰ ਦੀਆਂ ਪ੍ਰਯੋਗਸ਼ਾਲਾਵਾਂ ਵਿਚ ਪ੍ਰਯੋਗ ਕੀਤੇ ਗਏ। ਦੁਨੀਆ ਦੇ ਕਈ ਪ੍ਰਸਿੱਧ ਵਿਗਿਆਨ ਜਨਰਲਾਂ ਵਿਚ ਇਨ੍ਹਾਂ ਅਧਿਐਨਾਂ ਨਾਲ ਜੁੜੇ ਪੇਪਰ ਛਪੇ ਹੋਏ ਹਨ ਅਤੇ ਕੁਝ ਵੀ ਲੁਕਿਆ ਨਹੀਂ ਹੈ। ਹਾਲ ਹੀ ਵਿਚ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰਲੌਜੀ ਵਿਚ ਐੱਚਸੀਕਿਊ ਦੀ ਕੋਰੋਨਾ ਦੇ ਵਾਇਰਸ 'ਤੇ ਜਾਂਚ ਕੀਤੀ ਗਈ, ਜਿਸ ਵਿਚ ਇਸ ਵਾਇਰਸ ਦੀ ਗਿਣਤੀ ਨੂੰ ਵਧਣ ਤੋਂ ਰੋਕਣ ਵਿਚ ਕਾਫੀ ਹੱਦ ਤਕ ਕਾਰਗਰ ਪਾਇਆ ਗਿਆ।

ਐੱਚਸੀਕਿਊ ਦੇ ਸਾਈਡ ਇਫੈਕਟ ਦੇ ਜਾਨਲੇਵਾ ਹੋਣ ਅਤੇ ਕੋਰੋਨਾ ਦੇ ਲਈ ਇਸਦੇ ਇਸਤੇਮਾਲ ਨੂੰ ਲੈ ਕੇ ਚਿਤਾਵਨੀ ਦੇਣ ਵਾਲੇ ਵਿਗਿਆਨੀਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਡਾ. ਭਾਰਗਵ ਨੇ ਕਿਹਾ ਕਿ ਕੋਰੋਨਾ ਦੇ ਇਲਾਜ ਵਿਚ ਲੱਗੇ ਹਜ਼ਾਰਾਂ ਸਿਹਤ ਕਾਮਿਆਂ ਨੂੰ ਛੇ ਹਫ਼ਤੇ ਤਕ ਐੱਚਸੀਕਿਊ ਦੀ ਡੋਜ਼ ਦਿੱਤੀ ਗਈ। ਇਸਦੇ ਨਾਲ ਹੀ ਏਮਜ਼, ਆਈਸੀਐੱਮਆਰ ਅਤੇ ਦਿੱਲੀ ਦੇ ਤਿੰਨ ਹੋਰ ਹਸਪਤਾਲਾਂ ਵਿਚ ਇਸਦੇ ਪ੍ਰਭਾਵ ਨੂੰ ਦੇਖਣ ਲਈ ਕੰਟਰੋਲ ਸਟੱਡੀ ਕੀਤੀ ਗਈ। ਦੋਵਾਂ ਹੀ ਅਧਿਐਨਾਂ ਵਿਚ ਐੱਚਸੀਕਿਊ ਨੂੰ ਸੁਰੱਖਿਅਤ ਪਾਇਆ ਗਿਆ ਅਤੇ ਕੋਈ ਵੱਡਾ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ। ਕੁਝ ਲੋਕਾਂ ਨੇ ਜੀਅ ਮਚਲਣ ਅਤੇ ਉਲਟੀ ਦੀ ਸ਼ਿਕਾਇਤ ਜ਼ਰੂਰ ਕੀਤੀ ਪਰ ਇਹ ਉਨ੍ਹਾਂ ਲੋਕਾਂ ਵਿਚ ਪਾਇਆ ਗਿਆ, ਜਿਨ੍ਹਾਂ ਖਾਲੀ ਪੇਟ ਦਵਾਈ ਖਾਧੀ ਸੀ। ਜੇਕਰ ਭੋਜਨ ਦੇ ਨਾਲ ਇਸਨੂੰ ਲਿਆ ਜਾਵੇ ਤਾਂ ਇਹ ਸ਼ਿਕਾਇਤ ਵੀ ਨਹੀਂ ਆਉਂਦੀ ਹੈ। ਦਿਲ ਦੇ ਮਰੀਜ਼ਾਂ 'ਤੇ ਇਸ ਦੇ ਭੈੜੇ ਪ੍ਰਭਾਵਾਂ ਦੇ ਖਦਸ਼ੇ ਨੂੰ ਦੂਰ ਕਰਨ ਲਈ ਦਵਾਈ ਲੈਣ ਦੇ ਦੌਰਾਨ ਉਸਦਾ ਈਸੀਜੀ ਕਰਵਾਇਆ ਜਾ ਸਕਦਾ ਹੈ ਅਤੇ ਇਸ ਦੀ ਸਲਾਹ ਦਿੱਤੀ ਵੀ ਗਈ ਹੈ। ਸਭ ਤੋਂ ਵੱਡੀ ਗੱਲ ਹੈ ਏਮਜ਼, ਆਈਸੀਐੱਮਆਰ ਅਤੇ ਤਿੰਨ ਹਸਪਤਾਲਾਂ ਦੀ ਕੰਟਰੋਲ ਸਟੱਡੀ ਅਤੇ ਹਜ਼ਾਰਾਂ ਸਿਹਤ ਕਾਮਿਆਂ ਨੂੰ ਛੇ ਹਫ਼ਤੇ ਤਕ ਦਿੱਤੀ ਗਈ ਦਵਾਈ ਤੋਂ ਮਿਲੇ ਡਾਟੇ ਦੇ ਵਿਸ਼ਲੇਸ਼ਣ ਤੋਂ ਸਾਫ਼ ਹੋਇਆ ਕਿ ਐੱਚਸੀਕਿਊ ਕਿਸੇ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋਣ ਤੋਂ ਰੋਕਣ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ ਅਤੇ ਇਸਦੇ ਲਈ ਕਲੀਨਿਕਲ ਟਰਾਇਲ ਦੀ ਜ਼ਰੂਰਤ ਹੈ।

ਡਾ. ਭਾਰਗਵ ਨੇ ਕਿਹਾ ਕਿ ਭਾਰਤ ਵਿਚ ਐੱਚਸੀਕਿਊ ਨੂੰ ਲੈ ਕੇ ਕੀਤੇ ਗਏ ਸਾਰੇ ਅਧਿਐਨਾਂ ਦੇ ਡਾਟਾ ਨੂੰ ਅਗਲੇ ਹਫ਼ਤੇ ਤਕ ਜਨਤਕ ਕਰ ਦਿੱਤਾ ਜਾਵੇਗਾ, ਜਿਹੜੇ ਕੋਰੋਨਾ ਦੇ ਖ਼ਿਲਾਫ਼ ਉਸਦੇ ਕਾਰਗਰ ਹੋਣ ਦੇ ਸਬੂਤ ਹਨ। ਜਾਹਿਰ ਹੈ ਕਿ ਭਾਰਤ ਦੇ ਕੋਲ ਐੱਚਸੀਕਿਊ ਨੂੰ ਲੈ ਕੇ ਚੱਲ ਰਹੇ ਟਰਾਇਲ ਨੂੰ ਰੋਕਣ ਦੀ ਕੋਈ ਤੁਕ ਨਹੀਂ ਹੈ। ਉਨ੍ਹਾਂ ਉਮੀਦ ਕੀਤੀ ਕਿ ਭਾਰਤ ਵਿਚ ਹੋਈ ਸਟੱਡੀ ਦੇ ਅੰਕੜਿਆਂ ਨੂੰ ਦੇਖਣ ਤੋਂ ਬਾਅਦ ਡਬਲਯੂਐੱਚਓ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰੇਗਾ।

Posted By: Seema Anand