ਨਵੀਂ ਦਿੱਲੀ (ਏਜੰਸੀ) : ਭਾਰਤ ਨੇ ਅਮਰੀਕਾ ਦੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) 'ਚ ਪਰਤਨ ਦਾ ਸਵਾਗਤ ਕੀਤ ਹੈ। ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਡਬਲਯੂਐੱਚਓ ਦੀ ਕਾਰਜਕਾਰੀ ਪ੍ਰੀਸ਼ਦ ਦੇ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਵਾਏ ਗਏ 148ਵੇਂ ਇਜਲਾਸ ਦੀ ਪ੍ਰਧਾਨਗੀ ਕਰਦਿਆਂ ਅਮਰੀਕਾ ਬਾਰੇ ਇਹ ਭਾਵਨਾਵਾਂ ਪ੍ਰਗਟਾਈਆਂ ਹਨ। ਚੇਤੇ ਰਹੇ ਕਿ ਕੋਵਿਡ-19 ਮਹਾਮਾਰੀ ਦੇ ਸਿਲਸਿਲੇ 'ਚ ਡਬਲਯੂਐੱਚਓ ਦੀ ਭੂਮਿਕਾ ਨੂੰ ਗ਼ਲਤ ਮੰਨਦਿਆਂ ਅਮਰੀਕਾ ਨੇ ਕੁਝ ਹਫ਼ਤੇ ਪਹਿਲਾਂ ਸੰਗਠਨ ਛੱਡ ਦਿੱਤਾ ਸੀ।

ਡਾ. ਹਰਸ਼ਵਰਧਨ ਨੇ ਕਿਹਾ ਕਿ ਡਬਲਯੂਐੱਚਓ ਕਾਰਜਕਾਰੀ ਪ੍ਰੀਸ਼ਦ ਦੇ ਮੁਖੀ ਹੋਣ ਦੇ ਨਾਤੇ ਉਹ ਰਾਸ਼ਟਰਪਤੀ ਜੋਅ ਬਾਇਡਨ ਦੇ ਸਿਹਤ ਸੰਗਠਨ 'ਚ ਪਰਤਣ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ। ਇਸ ਨਾਲ ਕੋਵਿਡ ਮਹਾਮਾਰੀ ਨਾਲ ਲੜਨ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤੀ ਮਿਲੇਗੀ।

ਇਸ ਲੜਾਈ 'ਚ ਸਾਰੇ ਦੇਸ਼ਾਂ ਦਾ ਸਹਿਯੋਗ ਜ਼ਰੂਰੀ ਹੈ। ਤਾਂ ਹੀ ਅਸੀਂ ਮਹਾਮਾਰੀ ਦੇ ਸੰਕਟ ਨੂੰ ਖ਼ਤਮ ਕਰ ਸਕਾਂਗੇ। ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਕਾਰਜਕਾਰੀ ਪ੍ਰਰੀਸ਼ਦ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਆਲਮੀ ਸੰਗਠਨ 'ਚ ਬਣਿਆ ਰਹੇਗਾ ਤੇ ਪਹਿਲਾਂ ਵਾਂਗ ਹੀ ਉਹ ਸਾਰੀਆਂ ਆਰਥਿਕ ਜ਼ਿੰਮੇਵਾਰੀ ਨਿਭਾਏਗਾ। ਨਾਲ ਹੀ ਸਾਰੇ ਪੱਧਰ 'ਤੇ ਤਕਨੀਕੀ ਸਹਾਇਤਾ ਦੇਵੇਗਾ। ਡਾ. ਫੌਸੀ ਨੇ ਮਹਾਮਾਰੀ ਦੇ ਖ਼ਾਤਮੇ ਸਬੰਧੀ ਡਬਲਯੂਐੱਚਓ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਟੀਕਾਕਰਨ ਨੂੰ ਉਤਸ਼ਾਹਤ ਕਰਨ ਵਾਲੇ ਤਰੀਕਿਆਂ 'ਤੇ ਵੀ ਚਰਚਾ ਕੀਤੀ।

ਡਾ. ਹਰਸ਼ਵਰਧਨ ਨੇ ਕਿਹਾ ਕਿ ਮਹਾਮਾਰੀ ਖ਼ਿਲਾਫ਼ ਲੜਾਈ 'ਚ ਸਭ ਤੋਂ ਵੱਡੀ ਕਾਮਯਾਬੀ ਲੋਕਾਂ ਦੇ ਵਿਚਕਾਰ ਟੀਮ ਬਣਾ ਕੇ ਕੰਮ ਕਰਨਾ ਹੈ। ਇਸ ਨਾਲ ਅਸੀਂ ਆਪਣੇ ਟੀਚੇ ਦੇ ਵਧੇਰੇ ਨੇੜੇ ਪਹੁੰਚ ਸਕਾਂਗੇ। ਸਾਡੇ ਵਿਗਿਆਨੀਆਂ ਤੇ ਸਿਹਤ ਮੁਲਾਜ਼ਮਾਂ ਨੇ ਇਸ ਲੜਾਈ 'ਚ ਆਪਣੀ ਸਮਰੱਥਾ ਨੂੰ ਬਾਖੂਬੀ ਸਾਬਿਤ ਕੀਤਾ ਹੈ। ਪਰ ਡਬਲਯੂਐੱਚਓ ਨੇ ਇਸ ਲੜਾਈ 'ਚ ਸਭ ਤੋਂ ਵੱਡੀ ਭੂਮਿਕਾ ਅਦਾ ਕਰਨੀ ਹੈ। ਉਸ 'ਤੇ ਮਹਾਮਾਰੀ ਨੂੰ ਜੜੋਂ ਖ਼ਤਮ ਕਰਨ ਦੀ ਜ਼ਿੰਮੇਵਾਰੀ ਹੈ।