ਨਵੀਂ ਦਿੱਲੀ (ਪੀਟੀਆਈ) : ਭਾਰਤ ਨੇ ਪਾਕਿਸਤਾਨ ਤੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਸਥਿਤੀ ਨੂੰ ਦੇਖਦੇ ਹੋਏ ਸਿੰਧੂ ਕਮਿਸ਼ਨਰਾਂ ਦੀ ਬੈਠਕ ਟਾਲ਼ਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਭਾਰਤ ਦੀ ਇਸ ਅਪੀਲ 'ਤੇ ਪਾਕਿਸਤਾਨ ਨੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਹੋਏ ਸਿੰਧੂ ਜਲ ਸਮਝੌਤੇ ਅਨੁਸਾਰ ਹਰ ਸਾਲ 31 ਮਾਰਚ ਨੂੰ ਸਿੰਧੂ ਕਮਿਸ਼ਨਰਾਂ ਦੀ ਬੈਠਕ ਹੁੰਦੀ ਹੈ। ਸਾਲ ਵਿਚ ਘੱਟ-ਤੋਂ-ਘੱਟ ਇਕ ਵਾਰ ਇਹ ਬੈਠਕ ਭਾਰਤ ਅਤੇ ਪਾਕਿਸਤਾਨ ਵਿਚ ਵਾਰੀ-ਵਾਰੀ ਕਰਵਾਈ ਜਾਂਦੀ ਹੈ। ਸਿੰਧੂ ਕਮਿਸ਼ਨਰਾਂ ਦੀ ਪਿਛਲੀ ਬੈਠਕ ਅਗਸਤ 2018 ਵਿਚ ਲਾਹੌਰ ਵਿਚ ਹੋਈ ਸੀ।

ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ 13 ਫਰਵਰੀ ਨੂੰ ਭਾਰਤ ਦੇ ਸਿੰਧੂ ਕਮਿਸ਼ਨਰ ਪੀ ਕੇ ਸਕਸੈਨਾ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸੱਯਦ ਮੁਹੰਮਦ ਮੇਹਰ ਅਲੀ ਸ਼ਾਹ ਸਾਹਮਣੇ ਮਾਰਚ ਦੇ ਦੂਜੇ ਪੰਦਰਵਾੜੇ ਵਿਚ ਬੈਠਕ ਕਰਨ ਦਾ ਪ੍ਰਸਤਾਵ ਰੱਖਿਆ ਸੀ। 12 ਮਾਰਚ ਨੂੰ ਮੇਹਰ ਅਲੀ ਸ਼ਾਹ ਨੇ ਸਕਸੈਨਾ ਦੀ ਅਪੀਲ ਸਵੀਕਾਰ ਕਰਦੇ ਹੋਏ ਕਿਹਾ ਸੀ ਕਿ ਏਜੰਡੇ ਦਾ ਵਿਸਥਾਰਤ ਵੇਰਵਾ ਨਿਰਧਾਰਤ ਸਮੇਂ 'ਤੇ ਤੈਅ ਕਰ ਲਿਆ ਜਾਵੇਗਾ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਨੂੰ ਮਹਾਮਾਰੀ ਐਲਾਨ ਕੀਤੇ ਜਾਣ ਪਿੱਛੋਂ ਭਾਰਤ ਨੇ ਦੋਵਾਂ ਦੇਸ਼ਾਂ ਦੇ ਵੱਡੇ ਹਿੱਤਾਂ ਨੂੰ ਦੇਖਦੇ ਹੋਏ ਕੁਝ ਸਮੇਂ ਲਈ ਬੈਠਕ ਟਾਲ਼ਣ ਦੀ ਅਪੀਲ ਕੀਤੀ ਹੈ।