ਨਵੀਂ ਦਿੱਲੀ (ਏਐੱਨਆਈ) : ਭਾਰਤੀ ਜਲ ਸੈਨਾ ਨੇ ਹਿੰਦ ਮਹਾਸਾਗਰ ਖੇਤਰ ਵਿਚ ਸੱਤ ਚੀਨੀ ਜੰਗੀ ਬੇੜਿਆਂ ਦੀ ਮੌਜੂਦਗੀ ਦਾ ਪਤਾ ਲਾਇਆ ਹੈ। ਇਨ੍ਹਾਂ ਵਿਚ 27 ਹਜ਼ਾਰ ਟਨ ਦਾ ਲੈਂਡਿੰਗ ਪਲੇਟਫਾਰਮ ਡਾਕ (ਐੱਲਪੀਡੀ) ਜਿਯਾਨ-32 ਵੀ ਸ਼ਾਮਲ ਹੈ। ਭਾਰਤੀ ਜਲ ਸੈਨਾ ਨੇ ਅਮਰੀਕੀ ਪਣਡੁੱਬੀ ਰੋਕੂ ਜਾਸੂਸੀ ਜਹਾਜ਼ ਪੀ-8ਆਈ ਅਤੇ ਹੋਰ ਨਿਗਰਾਨੀ ਜਹਾਜ਼ਾਂ ਦੇ ਜ਼ਰੀਏ ਇਨ੍ਹਾਂ ਦੀ ਮੌਜੂਦਗੀ ਦਾ ਪਤਾ ਲਾਇਆ ਅਤੇ ਉਨ੍ਹਾਂ 'ਤੇ ਲਗਾਤਾਰ ਨਜ਼ਰ ਰੱਖੀ।

ਸੂਤਰਾਂ ਨੇ ਦੱਸਿਆ ਕਿ ਐੱਲਪੀਡੀ ਤੋਂ ਇਲਾਵਾ ਚੀਨੀ ਜੰਗੀ ਬੇੜਿਆਂ ਵਿਚ ਉਸ ਦੇ ਕਾਊਂਟਰ ਪਾਈਰੈਸੀ ਐਸਕਾਰਟ ਟਾਸਕ ਫੋਰਸ 32 ਅਤੇ 33 ਦੇ ਤਿੰਨ-ਤਿੰਨ ਬੇੜੇ ਸ਼ਾਮਲ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿਚ ਸ੍ਰੀਲੰਕਾਈ ਜਲ ਖੇਤਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸੱਤੇ ਚੀਨੀ ਜੰਗੀ ਬੇੜੇ ਭਾਰਤ ਦੇ ਐਕਸਕਲੂਸਿਵ ਇਕੋਨਾਮਿਕ ਜ਼ੋਨ ਅਤੇ ਜਲ ਖੇਤਰ ਦੇ ਬੇਹੱਦ ਨਜ਼ਦੀਕ ਤੋਂ ਗੁਜ਼ਰੇ। ਉਨ੍ਹਾਂ 'ਤੇ ਭਾਰਤੀ ਜਲ ਸੈਨਾ ਲਗਾਤਾਰ ਨਜ਼ਰ ਰੱਖ ਰਹੀ ਹੈ। ਇਹ ਚੀਨੀ ਜੰਗੀ ਬੇੜੇ ਅਦਨ ਦੀ ਖਾੜੀ ਵਿਚ ਤਾਇਨਾਤ ਚੀਨ ਦੇ ਬੇੜਿਆਂ ਦਾ ਸਥਾਨ ਲੈਣਗੇ। ਦਰਅਸਲ, ਚੀਨ ਐਂਟੀ ਪਾਈਰੈਸੀ ਮੁਹਿੰਮਾਂ ਦੇ ਨਾਂ 'ਤੇ ਅਦਨ ਦੀ ਖਾੜੀ ਵਿਚ ਛੇ ਤੋਂ ਸੱਤ ਜੰਗੀ ਬੇੜਿਆਂ ਨੂੰ ਤਾਇਨਾਤ ਰੱਖਦਾ ਹੈ, ਪਰ ਉਥੇ ਤਾਇਨਾਤ ਜੰਗੀ ਬੇੜਿਆਂ ਦੀ ਇਹ ਗਿਣਤੀ ਜ਼ਰੂਰਤ ਤੋਂ ਜ਼ਿਆਦਾ ਲੱਗਦੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਚੀਨੀ ਜਲ ਸੈਨਾ ਦੀ ਇਸ ਖੇਤਰ ਵਿਚ ਤਾਇਨਾਤੀ ਦਾ ਮਕਸਦ ਹਿੰਦ ਮਹਾਸਾਗਰ ਖੇਤਰ ਵਿਚ ਤਾਕਤ ਦਾ ਪ੍ਰਦਰਸ਼ਨ ਹੈ ਕਿਉਂਕਿ ਇਸੇ ਖੇਤਰ ਤੋਂ ਉਸ ਦੇ ਜ਼ਿਆਦਾਤਰ ਵਪਾਰਕ ਬੇੜੇ ਗੁਜ਼ਰਦੇ ਹਨ ਅਤੇ ਉਹ ਇਸ ਖੇਤਰ ਵਿਚ ਆਪਣਾ ਪ੍ਰਭਾਵ ਵਧਾਉਣਾ ਚਾਹੁੰਦਾ ਹੈ। ਇਸੇ ਮਕਸਦ ਨਾਲ ਉਸ ਨੇ ਜਿਬੂਤੀ ਵਿਚ ਆਪਣਾ ਬੇਸ ਵੀ ਬਣਾਇਆ ਹੈ। ਇਸ ਤੋਂ ਇਲਾਵਾ ਖੇਤਰ ਵਿਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਹੀ ਚੀਨੀ ਜਲ ਸੈਨਾ ਤੀਜੇ ਜਹਾਜ਼ ਵਾਹਕ ਬੇੜੇ ਦਾ ਨਿਰਮਾਣ ਕਰ ਰਹੀ ਹੈ ਤਾਂ ਕਿ ਉਸ ਨੂੰ ਤੱਟ ਤੋਂ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਤਾਇਨਾਤ ਕੀਤਾ ਜਾ ਸਕੇ।