ਨਵੀਂ ਦਿੱਲੀ (ਏਜੰਸੀ) : ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਸਿਹਤ ਖੇਤਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਨਾਲ ਭਾਰਤ ਬਿਹਤਰ ਵਸੀਲਿਆਂ ਵਾਲੇ ਕਈ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਮਹਾਮਾਰੀ ਖ਼ਿਲਾਫ਼ ਕਿਤੇ ਵੱਧ ਮਜ਼ਬੂਤੀ ਨਾਲ ਨਿਪਟ ਰਿਹਾ ਹੈ। ਨਕਵੀ ਨੇ ਕਿਹਾ ਕਿ ਮਹਾਮਾਰੀ ਨਾਲ ਨਿਪਟਣ ਵਿਚ ਪ੍ਰਧਾਨ ਮੰਤਰੀ ਦੇ ਯਤਨਾਂ ਦੇ ਸਿੱਟੇ ਦਿਸਣ ਲੱਗੇ ਹਨ ਅਤੇ ਪੀਐੱਮ-ਕੇਅਰਜ਼ ਤਹਿਤ ਦੇਸ਼ ਭਰ ਵਿਚ 1500 ਤੋਂ ਵੱਧ ਆਕਸੀਜਨ ਪਲਾਂਟ ਲਗਾਏ ਗਏ ਹਨ ਜਾਂ ਲਗਾਏ ਜਾ ਰਹੇ ਹਨ। ਪਿਛਲੇ ਸਾਲ ਜਨਵਰੀ 'ਚ ਦੇਸ਼ 'ਚ ਮੈਡੀਕਲ ਆਕਸੀਜਨ ਦਾ ਉਤਪਾਦਨ 900 ਮੀਟ੍ਰਿਕ ਟਨ ਪ੍ਰਤੀ ਦਿਨ ਸੀ ਜੋ ਹੁਣ ਵਧ ਕੇ 9000 ਮੀਟਿ੍ਕ ਟਨ ਪ੍ਰਤੀ ਦਿਨ ਹੋ ਗਿਆ ਹੈ। ਉੱਤਰ ਪ੍ਰਦੇਸ਼ 'ਚ ਰੈਡੀਕੋ ਖੇਤਾਨ ਵੱਲੋਂ ਲਗਾਏ ਜਾ ਰਹੇ ਮੈਡੀਕਲ ਆਕਸੀਜਨ ਪਲਾਂਟਾਂ ਵਿਚੋਂ ਇਕ (ਜਨਤਕ ਸਿਹਤ ਕੇਂਦਰ ਬਿਲਾਸਪੁਰ) ਦੇ ਉਦਘਾਟਨ ਮੌਕੇ ਨਕਵੀ ਨੇ ਕਿਹਾ ਕਿ 20 ਕਿਊਬਿਕ ਮੀਟਰ ਪ੍ਰਤੀ ਘੰਟੇ ਦੀ ਸਮਰੱਥਾ ਵਾਲੇ ਛੇ ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।