ਮੁੰਬਈ (ਰਾਇਟਰ) : ਭਾਰਤੀ ਮੌਸਮ ਵਿਭਾਗ ਅਨੁਸਾਰ ਮੌਨਸੂਨੀ ਬਾਰਿਸ਼ 'ਚ ਦੇਰ ਕਾਰਨ ਦੇਸ਼ 'ਚ ਇਸ ਸਾਲ ਜੂਨ ਦਾ ਮਹੀਨਾ ਪੰਜ ਸਾਲ 'ਚ ਸਭ ਤੋਂ ਸੁੱਕਾ ਰਿਹਾ। ਇਸ ਮਹੀਨੇ ਬਾਰਿਸ਼ ਅੌਸਤ ਨਾਲੋਂ 33 ਫ਼ੀਸਦੀ ਘੱਟ ਰਹੀ। ਇਸ ਕਾਰਨ ਕਿਸਾਨਾਂ ਨੇ 1.47 ਕਰੋੜ ਹੈਕਟੇਅਰ ਜ਼ਮੀਨ 'ਤੇ ਬਿਜਾਈ ਹੀ ਨਹੀਂ ਕੀਤੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 10 ਫ਼ੀਸਦੀ ਘੱਟ ਹੈ। ਦੱਸਣਾ ਬਣਦਾ ਹੈ ਕਿ ਜੂਨ 2014 'ਚ ਬਾਰਿਸ਼ ਅੌਸਤ ਨਾਲੋਂ 42 ਫ਼ੀਸਦੀ ਘੱਟ ਹੋਈ ਸੀ, ਹਾਲਾਂਕਿ ਉਸ ਸਾਲ ਜੂਨ-ਸਤੰਬਰ ਦੇ ਮੌਨਸੂਨੀ ਮੌਸਮ 'ਚ ਬਾਰਿਸ਼ ਅੌਸਤ ਨਾਲੋਂ 12 ਫ਼ੀਸਦੀ ਘੱਟ ਹੋਈ ਸੀ। ਮੌਸਮ ਵਿਭਾਗ ਅਨੁਸਾਰ ਗੰਨਾ ਉਤਪਾਦਕ ਉੱਤਰ ਪ੍ਰਦੇਸ਼ ਸਮੇਤ ਕੁਝ ਸੂਬਿਆਂ 'ਚ ਜੂਨ 'ਚ ਬਾਰਿਸ਼ 61 ਫ਼ੀਸਦੀ ਘੱਟ ਰਹੀ। ਪਹਿਲੀ ਜੁਲਾਈ ਤਕ ਆਮ ਤੌਰ 'ਤੇ ਪੂਰੇ ਦੇਸ਼ ਵਿਚ ਮੌਨਸੂਨ ਆ ਜਾਂਦਾ ਹੈ ਪਰ ਇਸ ਸਾਲ ਇਹ ਅਜੇ ਤਕ ਦੇਸ਼ ਦੇ ਦੋ-ਤਿਹਾਈ ਤੋਂ ਵੀ ਘੱਟ ਹਿੱਸਿਆਂ ਤਕ ਪੁੱਜਾ ਹੈ। ਮੌਨਸੂਨ ਸਭ ਤੋਂ ਪਹਿਲਾਂ ਕੇਰਲ ਪੁੱਜਦਾ ਹੈ ਪਰ ਇਸ ਸਾਲ ਇਹ ਇੱਥੇ ਵੀ ਅੱਠ ਜੂਨ ਨੂੰ ਇਕ ਹਫ਼ਤਾ ਪੱਛੜ ਦੇ ਪੁੱਜਾ ਸੀ। ਇਸ ਤੋਂ ਇਲਾਵਾ ਅਰਬ ਸਾਗਰ 'ਚ ਬਣੇ ਚੱਕਰਵਾਤ 'ਵਾਯੂ' ਨੇ ਇਸ ਦੀ ਨਮੀ ਸੋਖ ਕੇ ਇਸ ਦੀ ਪ੍ਰਕਿਰਿਆ ਨੂੰ ਹੌਲਿਆਂ ਕਰ ਦਿੱਤਾ। ਮੌਸਮ ਵਿਭਾਗ ਦੇ ਇਕ ਅਧਿਾਕਰੀ ਮੁਤਾਬਕ ਕਪਾਹ, ਸੋਇਆਬੀਨ ਤੇ ਦਾਲ ਉਤਪਾਦਕ ਦੇਸ਼ ਦੇ ਪੱਛਮੀ ਤੇ ਮੱਧ ਭਾਗ 'ਚ ਜੁਲਾਈ ਦੇ ਪਹਿਲੇ ਪੰਦਰਵਾੜੇ 'ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਰ ਉੱਤਰ ਭਾਰਤ 'ਚ ਬਾਰਿਸ਼ ਅੌਸਤ ਤੋਂ ਘੱਟ ਰਹਿ ਸਕਦੀ ਹੈ। ਜੁਲਾਈ ਦੇ ਦੂਜੇ ਪੰਦਰਵਾੜੇ 'ਚ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿਚ ਸਥਿਤੀ 'ਚ ਸੁਧਾਰ ਹੋਵੇਗਾ ਪਰ ਮੱਧ ਤੇ ਪੱਛਮੀ ਹਿੱਸੇ 'ਚ ਬਾਰਿਸ਼ 'ਚ ਕਮੀ ਆ ਸਕਦੀ ਹੈ। ਕੁਲ ਮਿਲਾ ਕੇ ਜੁਲਾਈ 'ਚ ਬਾਰਿਸ਼ ਅੌੌਸਤ ਤੋਂ ਘੱਟ ਰਹੇਗੀ ਪਰ ਫਿਰ ਵੀ ਹਾਲਾਤ ਜੂਨ ਨਾਲੋਂ ਬਿਹਤਰ ਰਹਿਣਗੇ।

ਦੱਸ ਦੇਈਏ ਕਿ ਆਮ ਜਾਂ ਅੌਸਤ ਮੌਨਸੂਨ ਦਾ ਮਤਲਬ 96 ਤੋਂ 104 ਫ਼ੀਸਦੀ ਬਾਰਿਸ਼ ਨੂੰ ਮੰਨਿਆ ਜਾਂਦਾ ਹੈ। ਇਸ ਦੀ ਗਣਨਾ ਮੌਨਸੂਨ ਦੇ ਚਾਰ ਮਹੀਨਿਆਂ ਦੌਰਾਨ 50 ਸਾਲ ਦੀ ਅੌਸਤ ਬਾਰਿਸ਼ 89 ਸੈਂਟੀਮੀਟਰ (35 ਇੰਚ) ਨਾਲ ਕੀਤੀ ਜਾਂਦੀ ਹੈ। ਮਈ 'ਚ ਮੌਸਮ ਵਿਭਾਗ ਨੇ ਇਸ ਸਾਲ ਅੌਸਤ ਬਾਰਿਸ਼ ਤੇ ਨਿੱਜੀ ਕੰਪਨੀ 'ਸਕਾਈਮੈੱਟ' ਨੇ ਆਮ ਨਾਲੋਂ ਘੱਟ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਸੀ।