ਨਵੀਂ ਦਿੱਲੀ (ਪੀਟੀਆਈ) : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ ਦੇ ਦੇਹਾਂਤ ਨਾਲ ਭਾਰਤ ਨੂੰ ਇਕ ਸੱਚੇ ਦੋਸਤ ਅਤੇ ਸ਼ੁੱਭਚਿੰਤਕ ਦਾ ਨਾ ਪੂੁਰਾ ਹੋਣ ਵਾਲਾ ਘਾਟਾ ਪਿਆ ਹੈ। ਖਾੜੀ ਖੇਤਰ ਦੇ ਕਰੀਬੀ ਮਿੱਤਰ ਦਾ 79 ਸਾਲ ਦੀ ਉਮਰ ਵਿਚ 10 ਜਨਵਰੀ ਨੂੰ ਦੇਹਾਂਤ ਹੋ ਗਿਆ। ਮਸਕਟ ਗਏ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਮੰਗਲਵਾਰ ਨੂੰ ਓਮਾਨ ਦੇ ਨਵੇਂ ਸੁਲਤਾਨ ਹੈਸਮ ਬਿਨ ਤਾਰਿਕ ਅਲ ਸੈਦ ਨਾਲ ਮੁਲਾਕਾਤ ਕਰ ਕੇ ਸਾਬਕਾ ਸੁਲਤਾਨ ਕਾਬੂਸ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ।

ਜੈਸ਼ੰਕਰ ਨੇ ਇਕ ਟਵੀਟ 'ਚ ਕਿਹਾ, 'ਓਮਾਨ ਦੂਤਘਰ 'ਚ ਸ਼ੋਕ ਪੁਸਤਕ 'ਤੇ ਦਸਤਖ਼ਤ ਕਰ ਕੇ ਸੁਲਤਾਨ ਕਾਬੂਸ ਬਿਨ ਸੈਦ ਅਲ ਸੈਦ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਭਾਰਤ ਨੂੰ ਇਕ ਸੱਚੇ ਦੋਸਤ ਅਤੇ ਸ਼ੁੱਭਚਿੰਤਕ ਦਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਾਬੂਸ 1970 'ਚ ਓਮਾਨ ਦੀ ਸੱਤਾ 'ਤੇ ਕਾਬਜ਼ ਹੋਏ ਸਨ ਅਤੇ ਉਨ੍ਹਾਂ ਨੇ ਦੇਸ਼ ਨੂੰ ਤੇਜ਼ੀ ਨਾਲ ਵਿਕਾਸ ਦੇ ਰਸਤੇ 'ਤੇ ਲੈ ਕੇ ਜਾਣ ਦੀ ਅਗਵਾਈ ਕੀਤੀ ਸੀ। ਖਾੜੀ ਖੇਤਰ ਦੀ ਆਪਣੀ ਦੂਰ-ਦਿ੍ਸ਼ਟੀ ਲਈ ਵਿਸ਼ਵ ਪੱਧਰ 'ਤੇ ਉਨ੍ਹਾਂ ਨੂੰ ਕਾਫ਼ੀ ਸਨਮਾਨ ਮਿਲਿਆ।

ਨਕਵੀ ਨੇ ਨਵੇਂ ਸੁਲਤਾਨ ਨੂੰ ਮੋਦੀ ਦਾ ਨਿੱਜੀ ਪੱਤਰ ਸੌਂਪਿਆ

ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਓਮਾਨ ਦੇ ਨਵੇਂ ਸੁਲਤਾਨ ਹੈਸਮ ਬਿਨ ਤਾਰਿਕ ਅਲ ਸੈਦ ਨਾਲ ਮੁਲਾਕਾਤ ਕਰ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੀ ਜਨਤਾ ਵੱਲੋਂ ਸਾਬਕਾ ਸੁਲਤਾਨ ਕਾਬੂਸ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਓਮਾਨ ਦੇ ਸੁਲਤਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿੱਜੀ ਪੱਤਰ ਸੌਂਪਿਆ।