ਨਵੀਂ ਦਿੱਲੀ, ਏਐੱਨਆਈ : ਚੀਨ ਨੇ ਇਕ ਵਾਰ ਫਿਰ ਐਲਏਸੀ 'ਤੇ ਆਪਣੀਆਂ ਚਾਲਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੀ ਸਥਿਤੀ 'ਚ ਭਾਰਤੀ ਹਵਾਈ ਫ਼ੌਜ ਨੇ ਚੀਨ ਨੂੰ ਢੁੱਕਵਾਂ ਜਵਾਬ ਦੇਣ ਲਈ ਲੜਾਕੂ ਜਹਾਜ਼ਾਂ ਨੂੰ ਲੱਦਾਖ 'ਚ ਤਾਇਨਾਤ ਕੀਤਾ ਹੈ। ਹਾਲ ਹੀ 'ਚ ਚੀਨੀ ਫੌਜੀ ਹੈਲੀਕਾਪਟਰਾਂ ਨੂੰ ਭਾਰਤੀ ਖੇਤਰ ਦੇ ਨਜ਼ਦੀਕ ਉਡਾਣ ਭਰਦੇ ਦੇਖਿਆ ਗਿਆ ਸੀ ਅਤੇ ਉਹ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰ ਸਕਦੇ ਸਨ। ਸਰਕਾਰ ਦੇ ਚੋਟੀ ਦੇ ਸੂਤਰਾਂ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਜਿਉਂ ਹੀ ਚੀਨੀ ਹੈਲੀਕਾਪਟਰਾਂ ਦੀ ਆਵਾਜਾਈ ਸ਼ੁਰੂ ਹੋਈ, ਭਾਰਤੀ ਲੜਾਕੂ ਜਹਾਜ਼ਾਂ ਨੂੰ ਲੱਦਾਖ ਸੈਕਟਰ ਦੇ ਸਰਹੱਦੀ ਇਲਾਕਿਆਂ 'ਚ ਲਿਜਾਇਆ ਗਿਆ। ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਨੇੜਲੇ ਬੇਸ ਕੈਂਪ ਤੋਂ ਉਡਾਣ ਭਰੀ। ਦੱਸਿਆ ਜਾਂਦਾ ਹੈ ਕਿ ਚੀਨੀ ਹੈਲੀਕਾਪਟਰਾਂ ਨੇ ਅਜੇ ਤਕ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਨਹੀਂ ਕੀਤੀ ਹੈ।

ਚੀਨ ਅਜਿਹੇ ਸਮੇਂ ਭਾਰਤ ਦੀਆਂ ਮੁਸ਼ਕਲਾਂ ਵਧਾ ਰਿਹਾ ਹੈ ਜਦੋਂ ਦੇਸ਼ ਕੋਰੋਨਾ ਵਾਇਰਸ ਦੀ ਲਾਗ ਨਾਲ ਜੂਝ ਰਿਹਾ ਹੈ। ਹਾਲਾਂਕਿ, ਭਾਰਤੀ ਫ਼ੌਜ ਕਿਸੇ ਵੀ ਦੁਸ਼ਮਣ ਨੂੰ ਢੁਕਵਾਂ ਜਵਾਬ ਦੇਣ ਲਈ ਹਰ ਸਮੇਂ ਤਿਆਰ ਹੈ। ਪਿਛਲੇ ਹਫਤੇ ਹੀ ਚੀਨੀ ਫ਼ੌਜੀ ਭਾਰਤੀ ਫ਼ੌਜ ਨਾਲ ਉਲਝ ਗਏ ਸਨ। ਇਸ ਤੋਂ ਬਾਅਦ 150 ਤੋਂ ਵੱਧ ਚੀਨੀ ਫ਼ੌਜੀਆਂ ਨੇ ਭਾਰਤੀ ਖੇਤਰ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਇਹ ਜਾਣਕਾਰੀ ਸਰਕਾਰ ਨੇ ਦਿੱਤੀ ਸੀ। ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਜਦੋਂ ਚੀਨੀ ਫ਼ੌਜ ਨੇ ਭਾਰਤੀ ਫ਼ੌਜ ਨਾਲ ਐਲਏਸੀ ‘ਤੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂ, ਸੂਤਰਾਂ ਦਾ ਮੰਨਣਾ ਹੈ ਕਿ ਅਜਿਹਾ ਕਾਫੀ ਲੰਬੇ ਸਮੇਂ ਬਾਅਦ ਹੋਇਆ ਹੈ, ਜਦੋਂ ਭਾਰਤ ਵਲੋਂ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਕਰ ਕੇ ਹਵਾਈ ਖੇਤਰਾਂ ਦੀ ਉਲੰਘਣਾ ਕਰਨ ਦੀਆਂ ਚੀਨੀ ਕੋਸ਼ਿਸ਼ਾਂ ਦਾ ਜਵਾਬ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਪਿਛਲੇ ਇਕ ਹਫਤੇ ਦੌਰਾਨ ਭਾਰਤੀ ਤੇ ਚੀਨੀ ਫ਼ੌਜਾਂ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਚੀਨ ਦੇ ਰਵੱਈਏ ਦੀ ਤਾਜ਼ਾ ਤਬਦੀਲੀ ਪਾਕਿਸਤਾਨ ਦੀ ਹਮਾਇਤ ਕਰਨ ਦੇ ਨਾਲ-ਨਾਲ ਦੁਨੀਆ ਦਾ ਧਿਆਨ ਕੋਰੋਨਾ ਵਾਇਰਸ ਇਨਫੈਕਸ਼ਨ ਬਾਰੇ ਲੱਗ ਰਹੇ ਦੋਸ਼ਾਂ ਤੋਂ ਹੋਰ ਪਾਸੇ ਮੋੜਨ ਦਾ ਹੈ। ਦਰਅਸਲ, ਅਮਰੀਕਾ ਸਮੇਤ ਹੋਰ ਦੇਸ਼ ਇਸ ਮਹਾਮਾਰੀ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਜੇ ਚੀਨ ਸਮੇਂ ਨਾਲ ਦੁਨੀਆ ਨੂੰ ਕੋਰੋਨਾ ਵਾਇਰਸ ਦੀ ਲਾਗ ਬਾਰੇ ਜਾਣਕਾਰੀ ਦੇ ਦਿੰਦਾ ਤਾਂ ਸਥਿਤੀ ਇੰਨੀ ਮਾੜੀ ਨਾ ਹੁੰਦੀ।

Posted By: Seema Anand