ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੀ ਹਵਾਈ ਤਾਕਤ 'ਚ ਵਰਣਨਯੋਗ ਵਾਧੇ ਦੀ ਪ੍ਰਕਿਰਿਆ ਤਹਿਤ ਉਸ ਨੂੰ ਬਿਲਡਿੰਗ ਬਲਾਸਟਰ ਸਪਾਈਸ-2000 ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਹ ਉਨ੍ਹਾਂ ਬੰਬਾਂ ਦਾ ਉਨਤ ਵਰਜ਼ਨ ਹੈ, ਜਿਨ੍ਹਾਂ ਨੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅੱਡੇ 'ਤੇ ਬੀਤੀ ਫਰਵਰੀ 'ਚ ਕਹਿਰ ਵਰ੍ਹਾਇਆ ਸੀ। ਇਹ ਬੰਬ ਗਵਾਲੀਅਰ ਸਥਿਤ ਹਵਾਈ ਫ਼ੌਜ ਦੇ ਅੱਡੇ ਨੂੰ ਮਿਲ ਰਹੇ ਹਨ।

ਗਵਾਲੀਅਰ ਅੱਡਾ ਦੇਸ਼ 'ਚ ਮਿਰਾਜ-2000 ਜੰਗੀ ਜਹਾਜ਼ਾਂ ਦਾ ਮੁੱਖ ਟਿਕਾਣਾ ਹੈ। ਇਸੇ ਜਹਾਜ਼ ਨਾਲ ਇਜ਼ਰਾਈਲੀ ਸਪਾਈਸ-2000 ਬੰਬ ਸੁੱਟੇ ਜਾ ਸਕਦੇ ਹਨ। ਭਾਰਤੀ ਹਵਾਈ ਫ਼ੌਜ ਨੇ ਐਮਰਜੈਂਸੀ ਖਰੀਦ ਪ੍ਰਕਿਰਿਆ ਤਹਿਤ ਜੂਨ 'ਚ ਹੀ ਇਜ਼ਰਾਈਲ ਦੀ ਫਰਮ ਨਾਲ ਮਾਰਕ 84 ਵਾਰਹੈੱਡ ਅਤੇ ਬੰਬਾਂ ਦੀ ਖਰੀਦ ਦਾ 250 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਇਸ ਸੌਦੇ ਤਹਿਤ 100 ਤੋਂ ਜ਼ਿਆਦਾ ਸਪਾਈਸ-2000 ਬੰਬ ਖਰੀਦੇ ਜਾਣੇ ਹਨ।

ਐਮਰਜੈਂਸੀ ਖਰੀਦ ਦਾ ਇਹ ਪ੍ਰਬੰਧ ਮੋਦੀ ਸਰਕਾਰ ਨੇ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਫ਼ੌਜ ਦੇ ਤਿੰਨੇ ਅੰਗ ਆਪਣੀ ਲੋੜ ਦੇ ਹਥਿਆਰ ਅਤੇ ਗੋਲਾ-ਬਾਰੂਦ ਲੰਮੀ ਪ੍ਰਕਿਰਿਆ 'ਚ ਜਾਏ ਬਿਨਾਂ ਕੁਝ ਮਹੀਨਿਆਂ 'ਚ ਖਰੀਦ ਸਕਦੇ ਹਨ।

ਬਾਲਾਕੋਟ ਹਮਲੇ ਦੀ ਸਫਲਤਾ ਤੋਂ ਬਾਅਦ ਹਵਾਈ ਫ਼ੌਜ ਨੇ ਇਨ੍ਹਾਂ ਬੰਬਾਂ ਦੀ ਵੱਡੀ ਗਿਣਤੀ 'ਚ ਲੋੜ ਮਹਿਸੂਸਕੀਤੀ। ਨਵੇਂ ਖਰੀਦੇ ਬੰਬ ਬਾਲਾਕੋਟ ਹਮਲੇ 'ਚ ਵਰਛੇ ਬੰਬਾਂ ਤੋਂ ਜ਼ਿਆਦਾ ਤਾਕਤਵਰ ਹਨ ਅਤੇ ਵੱਡੀਆਂ ਇਮਾਰਤ ਨੂੰ ਪੂਰੀ ਤਰ੍ਹਾਂ ਤਬਾਹ ਕਰਨ 'ਚ ਸਮਰੱਥ ਹਨ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਅੱਤਵਾਦੀ ਹਮਲੇ 'ਚ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ 26 ਫਰਵਰੀ ਨੂੰ ਪਾਕਿਸਤਾਨ 'ਚ ਵੜ ਕੇ ਅੱਤਵਾਦੀ ਟਿਕਾਣਾ ਬਰਬਾਦ ਕੀਤਾ ਸੀ।

Posted By: Jagjit Singh