ਸੰਯੁਕਤ ਰਾਸ਼ਟਰ (ਏਜੰਸੀ) : ਭਾਰਤ ਨੇ ਅੱਤਵਾਦ ਖ਼ਿਲਾਫ਼ ਆਲਮੀ ਲੜਾਈ 'ਚ ਦੋਹਰੇ ਪੈਮਾਨਿਆਂ ਨੂੰ ਲਾਂਭੇ ਰੱਖ ਕੇ ਜ਼ਰਾ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਕਾਇਮ ਕਰਨ ਦਾ ਸੱਦਾ ਦਿੱਤਾ ਹੈ। ਅੱਤਵਾਦ ਦੇ ਮੌਜੂਦਾ ਨੈੱਟਵਰਕ ਨੂੰ ਖ਼ਤਮ ਕਰਨ ਲਈ ਇਹ ਜ਼ਰੂਰੀ ਹੈ। ਕਿਉਂਕਿ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੇ ਬਾਵਜੂਦ ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਦੱਖਣੀ ਏਸ਼ੀਆ ਦੇ ਵੱਡੇ ਇਲਾਕੇ ਨੂੰ ਅਸਥਿਰ ਕਰਨ 'ਚ ਲੱਗੇ ਹਨ। ਅਜਿਹਾ ਉਹ ਸਰਹੱਦ ਪਾਰ ਤੋਂ ਮਿਲਦੇ ਪੈਸੇ ਤੇ ਹਰ ਤਰ੍ਹਾਂ ਦੇ ਸਮਰਥਨ ਕਾਰਨ ਕਰ ਰਹੇ ਹਨ। ਸਰਹੱਦ ਪਾਰ ਤੋਂ ਭਾਰਤ ਦਾ ਮਤਲਬ ਪਾਕਿਸਤਾਨ ਸੀ।

ਭਾਰਤ ਵੱਲੋਂ ਇਹ ਗੱਲ ਸੰਯੁਕਤ ਰਾਸ਼ਟਰ 'ਚ ਭਾਰਤੀ ਰਾਜਦੂਤ ਸਈਦ ਅਕਬਰੂੱਦੀਨ ਨੇ ਕਹੀ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹੀਂ ਦਿਨੀਂ ਸੁਣਨ 'ਚ ਮਿਲ ਰਿਹੈ ਹ ਕਿ ਅੱਤਵਾਦ ਤੇ ਸੰਗਠਿਤ ਅਪਰਾਧ ਨੂੰ ਇਕੱਠੇ ਪਾਲਿਆ ਪੋਸਿਆ ਜਾ ਰਿਹਾ ਹੈ। ਦੋਵਾਂ ਦੇ ਇਕੱਠੇ ਹੋਣ ਨਾਲ ਜਿਹੜੀ ਤਾਕਤ ਤਿਆਰ ਹੁੰਦੀ ਹੈ ਉਹ ਕਾਨੂੰਨੀ ਸ਼ਾਸਨ ਦੀ ਤਾਕਤ ਨੂੰ ਘੱਟ ਕਰਦੀ ਹੈ। ਸੰਯੁਕਤ ਰਾਸ਼ਟਰ ਤੇ ਸ਼ੰਘਾਈ ਸਹਿਯੋਗ ਨਾਲ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਨੂੰ ਬੜ੍ਹਾਵਾ ਮਿਲਦਾ ਹੈ। ਅੱਤਵਾਦ ਨਾਲ ਸੰਗਠਿਤ ਅਪਰਾਧ ਦਾ ਗਠਜੋੜ ਕੌਮਾਂਤਰੀ ਪੱਧਰ 'ਤੇ ਵੱਡੀ ਚੁਣੌਤੀ ਬਣ ਗਿਆ ਹੈ। ਇਹ ਦਿਨੋ ਦਿਨ ਆਪਣੀ ਤਾਕਤ ਵਧਾ ਰਿਹਾ ਹੈ।

ਭਾਰਤੀ ਰਾਜਦੂਤ ਨੇ ਕਿਹਾ ਕਿ ਅੱਤਵਾਦ ਦੇ ਰਾਕਸ਼ਸ ਨਾਲ ਲੜਨ ਲਈ ਦੁਨੀਆ ਨੂੰ ਨਵੇਂ ਤਰੀਕੇ ਤੇ ਨਵੀਂ ਤਕਨੀਕ ਲੱਭਣ ਦੀ ਜ਼ਰੂਰਤ ਹੈ। ਅੱਤਵਾਦ ਦੇ ਖਾਤਮੇ ਲਈ ਸਾਨੂੰ ਵਰਚੁਅਲ ਕਰੰਸੀ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਸੰਚਾਰ ਦੇ ਗੁਪਤ ਸਾਧਨਾਂ ਨੂੰ ਵਿਕਸਤ ਕਰਨ 'ਤੇ ਜ਼ੋਰ ਦੇਣਾ ਚਾਹੀਦਾ ਹੈ। ਇਨ੍ਹਾਂ ਤਕਨੀਕਾਂ ਨਾਲ ਅਸੀਂ ਸਾਜਿਸ਼ਾਂ ਤਕ ਪਹੁੰਚ ਸਕਾਂਗੇ, ਉਨ੍ਹਾਂ ਨੂੰ ਅੰਜਾਮ ਦੇਣ ਤੋਂ ਰੋਕ ਸਕਾਂਗੇ।