ਮੁੰਬਈ (ਪੀਟੀਆਈ) : ਸ੍ਰੀਲੰਕਾ 'ਚ ਈਸਟਰ ਸੰਡੇ 'ਤੇ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦਾ ਖ਼ੁਫ਼ੀਆ ਅਲਰਟ ਭਾਰਤ ਨੇ ਪਹਿਲਾਂ ਹੀ ਸ੍ਰੀਲੰਕਾ ਨੂੰ ਦੇ ਦਿੱਤਾ ਸੀ। ਇਹ ਗੱਲ ਗ੍ਹਿ ਮੰਤਰੀ ਰਾਜਨਾਥ ਸਿੰਘ ਨੇ ਕਹੀ ਹੈ। ਸ੍ਰੀਲੰਕਾ ਦੇ ਇਨ੍ਹਾਂ ਧਮਾਕਿਆਂ ਵਿਚ 360 ਲੋਕ ਮਾਰੇ ਗਏ ਹਨ, ਕਰੀਬ ਪੰਜ ਸੌ ਲੋਕ ਜ਼ਖ਼ਮੀ ਹੋਏ ਹਨ। ਗ੍ਰਹਿ ਮੰਤਰੀ ਨੇ ਕਿਹਾ, ਸ੍ਰੀਲੰਕਾ ਦੇ ਅਧਿਕਾਰੀਆਂ ਨੂੰ ਸਮਾਂ ਰਹਿੰਦੇ ਖ਼ੁਫ਼ੀਆ ਸੂਚਨਾ ਦੇ ਦਿੱਤੀ ਗਈ ਸੀ, ਪਰ ਅੱਤਵਾਦੀ ਆਪਣੇ ਮਕਸਦ ਵਿਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਇਹ ਸਮਾਂ ਸ੍ਰੀਲੰਕਾ ਨੂੰ ਕਾਰਵਾਈ ਕਰਨ ਵਿਚ ਅਸਫਲ ਠਹਿਰਾਉਣ ਜਾਂ ਉਸ 'ਤੇ ਦੋਸ਼ ਲਗਾਉਣ ਦਾ ਨਹੀਂ ਹੈ। ਦੋਸ਼ ਹੈ ਕਿ ਸ੍ਰੀਲੰਕਾ ਦੇ ਇਸਲਾਮੀ ਅੱਤਵਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐੱਨਟੀਜੇ) ਦੇ ਨੌਂ ਆਤਮਘਾਤੀ ਹਮਲਾਵਰਾਂ ਨੇ ਇਨ੍ਹਾਂ ਧਮਾਕਿਆਂ ਨੂੰ ਅੰਜਾਮ ਦਿੱਤਾ। ਇਹ ਧਮਾਕੇ ਤਿੰਨ ਗਿਰਜਾਘਰਾਂ ਅਤੇ ਤਿੰਨ ਲਗਜ਼ਰੀ ਹੋਟਲਾਂ ਵਿਚ ਹੋਏ। ਅਧਿਕਾਰਤ ਸੂਤਰਾਂ ਮੁਤਾਬਕ, ਖ਼ੁਫ਼ੀਆ ਸੂਚਨਾ ਸੀ ਕਿ ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨਰ 'ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਐੱਨਆਈਏ ਦੀ ਆਈਐੱਸ ਮਾਡਿਊਲ ਦੀ ਫੜੋਫੜੀ ਅਤੇ ਜਾਂਚ ਵਿਚ ਪਤਾ ਲੱਗਾ ਸੀ ਕਿ ਅੱਤਵਾਦੀ ਸੰਗਠਨ ਦੱਖਣ ਭਾਰਤ ਦੇ ਕੁਝ ਨੇਤਾਵਾਂ 'ਤੇ ਹਮਲੇ ਦੀ ਫ਼ਿਰਾਕ ਵਿਚ ਹਨ। ਬਾਅਦ ਵਿਚ ਇਸੇ ਸੂਚਨਾ ਨੂੰ ਸ੍ਰੀਲੰਕਾ ਦੇ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਆਈਐੱਸ ਸਮਰਥਕ ਅੱਤਵਾਦੀ ਉਥੇ ਭਾਰਤੀ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਐੱਨਆਈਏ ਨੇ ਹਾਲ ਵਿਚ ਹੀ ਕੋਇੰਬਟੂਰ ਵਿਚ ਫੜੇ ਗਏ ਆਈਐੱਸ ਸਮਰਥਕਾਂ ਨਾਲ ਸਬੰਧਤ ਦੋਸ਼ ਪੱਤਰ ਅਦਾਲਤ ਵਿਚ ਦਾਖ਼ਲ ਕੀਤੇ ਹਨ। ਐੱਨਆਈਏ ਨੂੰ ਮਿਲੀ ਇਕ ਵੀਡੀਓ ਵਿਚ ਸ੍ਰੀਲੰਕਾਈ ਸੰਗਠਨ ਐੱਨਟੀਜੇ ਦਾ ਨੇਤਾ ਜਹਿਰਾਨ ਹਾਸ਼ਿਮ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦੇ ਬਾਰੇ ਵਿਚ ਗੱਲਬਾਤ ਕਰਦੇ ਸੁਣਿਆ ਗਿਆ।