ਮੁੰਬਈ (ਰਾਇਟਰ) : ਦੇਸ਼ ਵਿਚ ਲਗਾਤਾਰ ਤੀਜੇ ਹਫ਼ਤੇ ਔਸਤ ਤੋਂ ਜ਼ਿਆਦਾ ਮੌਨਸੂਨੀ ਬਾਰਿਸ਼ ਹੋਈ ਹੈ। ਇਸ ਨਾਲ ਕੁਝ ਹਿੱਸਿਆਂ ਵਿਚ ਸੋਕਾ ਪੈਣ ਦਾ ਖ਼ਦਸ਼ਾ ਤਾਂ ਘੱਟ ਹੋਇਆ ਹੈ ਪਰ ਦੱਖਣੀ ਤੇ ਪੱਛਮੀ ਭਾਰਤ ਦੇ ਕੁਝ ਸੂਬਿਆਂ ਵਿਚ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਕੇਰਲ ਵਿਚ ਬਾਰਿਸ਼ ਅਤੇ ਹੜ੍ਹ ਨਾਲ ਜੁੜੀਆਂ ਘਟਨਾਵਾਂ ਵਿਚ 270 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ, 12 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋਏ ਹਨ ਅਤੇ ਹਜ਼ਾਰਾਂ ਲੋਕ ਰਾਹਤ ਕੈਂਪਾਂ ਵਿਚ ਸ਼ਰਨ ਲੈਣ ਲਈ ਮਜਬੂਰ ਹੋਏ ਹਨ।

ਸਭ ਤੋਂ ਬੁਰਾ ਹਾਲ ਕੇਰਲ ਵਿਚ ਹੈ। ਕੇਰਲ ਵਿਚ ਮਰਨ ਵਾਲਿਆਂ ਦੀ ਗਿਣਤੀ 95 ਹੋ ਗਈ ਹੈ ਅਤੇ 59 ਲੋਕ ਹਾਲੇ ਵੀ ਲਾਪਤਾ ਹਨ। 1200 ਤੋਂ ਜ਼ਿਆਦਾ ਰਾਹਤ ਕੈਂਪਾਂ ਵਿਚ ਹਜ਼ਾਰਾਂ ਲੋਕ ਸ਼ਰਨ ਲਏ ਹੋਏ ਹਨ। ਸੂਬੇ ਨੂੰ ਹਾਲੇ ਬਾਰਿਸ਼ ਤੋਂ ਰਾਹਤ ਵੀ ਨਹੀਂ ਮਿਲੀ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤਕ ਸੂਬੇ ਵਿਚ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ।

ਪੁਣੇ ਹੜ੍ਹ ਨਾਲ ਬੇਹਾਲ : ਬਾਰਿਸ਼ ਅਤੇ ਹੜ੍ਹ ਨਾਲ ਬੇਹਾਲ ਮਹਾਰਾਸ਼ਟਰ ਦੇ ਕੋਲ੍ਹਾਪੁਰ ਅਤੇ ਸਾਂਗਲੀ ਜ਼ਿਲਿ੍ਹਆਂ ਵਿਚ ਹਾਲਾਤ ਵਿਚ ਤਾਂ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ, ਪਰ ਪੁਣੇ ਮੰਡਲ ਵਿਚ ਹਾਲ ਬੇਹਾਲ ਹੋ ਗਿਆ ਹੈ। ਇਕੱਲੇ ਪੁਣੇ ਮੰਡਲ ਵਿਚ 48 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੁਣੇ ਦੇ ਨਾਲ ਹੀ ਸਾਂਗਲੀ, ਕੋਲ੍ਹਾਪੁਰ, ਸਤਾਰਾ ਅਤੇ ਸੋਲਾਪੁਰ ਜ਼ਿਲਿ੍ਆਂ ਵਿਚ ਲਗਪਗ ਪੰਜ ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। 46 ਪਿੰਡ ਪੂਰੀ ਤਰ੍ਹਾਂ ਨਾਲ ਕੱਟੇ ਗਏ ਹਨ।

ਕਰਨਾਟਕ 'ਚ ਹਾਲਾਤ 'ਚ ਸੁਧਾਰ : ਕਰਨਾਟਕ ਦੇ ਹੜ੍ਹ ਪ੍ਰਭਾਵਿਤ ਹਾਸਨ ਜ਼ਿਲ੍ਹੇ ਵਿਚ ਚਾਰ ਹੋਰ ਲੋਕਾਂ ਦੀਆਂ ਲਾਸ਼ਾਂ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ 58 ਹੋ ਗਈ ਹੈ। ਹਾਲਾਂਕਿ, ਨਦੀਆਂ ਅਤੇ ਤਾਲਾਬਾਂ ਵਿਚ ਪਾਣੀ ਘੱਟ ਹੋਣ ਨਾਲ ਸਥਿਤੀ ਪਹਿਲਾਂ ਤੋਂ ਬਿਹਤਰ ਹੋਈ ਹੈ। ਆਹਲਾ ਅਧਿਕਾਰੀ ਪ੍ਰਭਾਵਿਤ ਇਲਾਕਿਆਂ ਵਿਚ ਡੇਰਾ ਲਾਏ ਹੋਏ ਹਨ। ਹੜ੍ਹ ਵਿਚ ਸੁਧਾਰ ਤੋਂ ਬਾਅਦ ਰਾਹਤ ਕੰਮਾਂ ਵਿਚ ਤੇਜ਼ੀ ਲਿਆਂਦੀ ਗਈ ਹੈ। ਪੀੜਤਾਂ ਤਕ ਮਦਦ ਪਹੁੰਚਾਈ ਜਾ ਰਹੀ ਹੈ।

ਆਰਬੀਆਈ ਗਵਰਨਰ ਨੂੰ ਰਾਹੁਲ ਦਾ ਪੱਤਰ

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਪੱਤਰ ਲਿਖ ਕੇ ਹੜ੍ਹ ਪ੍ਰਭਾਵਿਤ ਕੇਰਲ ਦੇ ਕਿਸਾਨਾਂ ਨੂੰ ਖੇਤੀਬਾੜੀ ਕਰਜ਼ੇ ਦੀ ਅਦਾਇਗੀ ਦੀ ਸਮੇਂ ਸੀਮਾ 31 ਦਸੰਬਰ ਤਕ ਵਧਾਉਣ ਦੀ ਬੇਨਤੀ ਕੀਤੀ ਹੈ। ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਹਨ ਜਿਹੜੇ ਹੜ੍ਹ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਵਿਚ ਸ਼ਾਮਲ ਹੈ। ਰਾਹੁਲ ਨੇ ਕਿਹਾ ਹੈ ਕਿ ਕੇਰਲ ਸਦੀ ਦੀ ਸਭ ਤੋਂ ਭਿਆਨਕ ਹੜ੍ਹ ਦੀ ਲਪੇਟ ਵਿਚ ਹੈ। ਫ਼ਸਲਾਂ ਅਤੇ ਹੋਰ ਜਾਇਦਾਦਾਂ ਦੇ ਨੁਕਸਾਨ ਦੇ ਚੱਲਦੇ ਕਿਸਾਨਾਂ ਨੂੰ ਇਸ ਸਮੇਂ ਖੇਤੀਬਾੜੀ ਕਰਜ਼ ਨੂੰ ਚੁਕਾਉਣਾ ਮੁਸ਼ਕਲ ਹੋਵੇਗਾ।